ਅੰਮਿ੍ਤਸਰ, 12 ਫ਼ਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਅੰਮਿ੍ਤਸਰ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਪਨਸਪ (ਪੰਜਾਬ) ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਮਰੀਕਾ ਅਤੇ ਭਾਰਤ ਵਿਚਾਲੇ ਕੀਤਾ ਗਿਆ ਵਪਾਰ ਸਮਝੌਤਾ ਭਾਰਤੀ ਖੇਤੀ ਨਾਲ ਇਕ ਵੱਡੀ ਸਾਜ਼ਿਸ਼ ਹੈ | ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਅਮਰੀਕੀ ਉਤਪਾਦਾਂ 'ਤੇ ਆਯਾਤ ਟੈਕਸ ਨੂੰ ਸਿਫ਼ਰ ਕਰਨਾ ਅਤੇ ਅਮਰੀਕਾ ਵਲੋਂ ਭਾਰਤੀ ਉਤਪਾਦਾਂ 'ਤੇ 18 ਫੀਸਦੀ ਟੈਕਸ ਲਗਾਉਣਾ ਪੂਰੀ ਤਰ੍ਹਾਂ ਅਨਿਆਂ ਅਤੇ ਕਿਸਾਨ ਮਾਰੂ ਕਦਮ ਹੈ | ਇਹ ਫ਼ੈਸਲਾ ਭਾਰਤ ਦੀ ਖੇਤੀ ਆਧਾਰਿਤ ਅਰਥਵਿਵਸਥਾ ਨੂੰ ਤਬਾਹੀ ਵੱਲ ਧੱਕਣ ਵਾਲਾ ਸਾਬਤ ਹੋਵੇਗਾ | ਬਰਾੜ ਨੇ ਦੱਸਿਆ ਕਿ ਨਿੱਜੀ ਕੰਪਨੀਆਂ ਅਤੇ ਵੱਡੇ ਵਪਾਰੀ ਸਸਤੇ ਆਯਾਤੀ ਉਤਪਾਦ ਖਰੀਦਣ ਨੂੰ ਤਰਜੀਹ ਦੇਣਗੇ, ਜਿਸ ਨਾਲ ਭਾਰਤੀ ਕਿਸਾਨ ਬਾਜ਼ਾਰ ਤੋਂ ਬਾਹਰ ਹੋਣਗੇ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਡੇਅਰੀ ਸੈਕਟਰ ਵਿਚ ਅਮਰੀਕੀ ਦੁੱਧ ਪਾਊਡਰ ਅਤੇ ਹੋਰ ਉਤਪਾਦ ਆਉਣ ਨਾਲ ਪਿੰਡਾਂ ਦੀ ਆਮਦਨ ਨੂੰ ਗੰਭੀਰ ਝਟਕਾ ਲੱਗੇਗਾ | ਇਸ ਨਾਲ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿਚ ਪੈ ਜਾਵੇਗੀ | ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਈ ਲੜੇਗੀ ਅਤੇ ਕੇਂਦਰ ਸਰਕਾਰ ਨੂੰ ਇਹ ਕਿਸਾਨ ਵਿਰੋਧੀ ਸਮਝੌਤਾ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ |
ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਖੇਤੀ ਲਈ ਘਾਤਕ ਸਾਜਿਸ਼-ਪ੍ਰਭਬੀਰ ਸਿੰਘ ਬਰਾੜ <br/>
ਅਜੀਤ ਡੈਸਕ
13-02-2026