ਅੰਮਿ੍ਤਸਰ, 12 ਫਰਵਰੀ (ਸੁਰਿੰਦਰ ਕੋਛੜ)-ਵਿਸ਼ਵ ਵਿਰਾਸਤੀ ਹਫ਼ਤੇ ਮੌਕੇ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਸਮਰਪਿਤ ਸੰਸਥਾ ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਅੰਮਿ੍ਤਸਰ ਚੈਪਟਰ ਭਾਈ ਵੀਰ ਸਿੰਘ ਨਿਵਾਸ, ਲਾਰੈਂਸ ਰੋਡ ਵਿਖੇ ਪੋਸਟਰ ਮੇਕਿੰਗ ਕੰਪੀਟੀਸ਼ਨ ਆਯੋਜਿਤ ਕੀਤਾ ਗਿਆ | ਵਿਦਿਆਰਥੀਆਂ ਨੇ ਨਾ ਸਿਰਫ਼ ਆਕਰਸ਼ਕ ਪੋਸਟਰ ਤਿਆਰ ਕੀਤੇ, ਬਲਕਿ ਇਸ ਨਾਲ ਸੰਬੰਧਿਤ 200 ਸ਼ਬਦਾਂ ਦੇ ਲੇਖ ਵੀ ਲਿਖੇ | ਵਿਦਿਆਰਥੀਆਂ ਨੇ ਖੁੱਲ੍ਹੀ ਹਵਾ ਅਤੇ ਹਰਿਆਲੀ ਵਿਚ ਬੈਠ ਕੇ ਆਪਣੀ ਰਚਨਾਤਮਿਕਤਾ ਨੂੰ ਉਜਾਗਰ ਕੀਤਾ | ਇਸ ਮੁਕਾਬਲੇ 'ਚ ਲਗਭਗ 120 ਵਿਦਿਆਰਥੀਆਂ ਨੇ ਹਿੱਸਾ ਲਿਆ | ਭਾਗ ਲੈਣ ਵਾਲੇ ਸਕੂਲਾਂ ਵਿਚ ਸਪਰਿੰਗ ਡੇਲ ਸੀਨੀਅਰ ਸਕੂਲ ਅੰਮਿ੍ਤਸਰ, ਡੀ. ਏ. ਵੀ. ਪਬਲਿਕ ਸਕੂਲ ਲਾਰੈਂਸ ਰੋਡ, ਗੁਰੂ ਹਰਿਰਾਏ ਇੰਟੈਲੀਜੈਂਟ ਟਰੇਅਰ ਸਕੂਲ, ਨਿਸ਼ਾਨ-ਏ-ਸਿੱਖੀ ਸਕੂਲ ਖਡੂਰ ਸਾਹਿਬ, ਹਾਰਵਡਲੇਨ ਸਕੂਲ, ਐੱਸ. ਕੇ. ਡੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਰਿਆੜਕੀ ਪਬਲਿਕ ਸਕੂਲ ਸ਼ਾਮਿਲ ਸਨ | ਇੰਟੈਕ ਅੰਮਿ੍ਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਭਾਈ ਵੀਰ ਸਿੰਘ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਭਾਈ ਵੀਰ ਸਿੰਘ ਨਿਵਾਸ ਦੀ ਡਿਪਟੀ ਡਾਇਰੈਕਟਰ ਮੈਡਮ ਪਰਮਿੰਦਰ ਕੌਰ ਹੁੰਦਲ ਨੇ ਭਾਈ ਸਾਹਿਬ ਦੀਆਂ ਰਚਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਇਤਿਹਾਸਕਾਰਾਂ ਨੇ ਸ਼ਹਿਰ ਦੀ ਇਤਿਹਾਸਿਕ ਪਰੰਪਰਾ ਤੇ ਵਿਰਾਸਤ ਬਾਰੇ ਗੱਲ ਕੀਤੀ | ਸੀ. ਏ. ਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ | ਇੰਟੈਕ ਮੈਂਬਰ ਬਲਵਿੰਦਰ ਸਿੰਘ ਬਾਠ ਨੇ ਵੀ ਵਿਦਿਆਰਥੀਆਂ ਨੂੰ ਵਿਰਾਸਤੀ ਧਰੋਹਰ ਨੂੰ ਸਮਝਣ ਅਤੇ ਸੰਭਾਲਣ ਲਈ ਪ੍ਰੇਰਿਤ ਕੀਤਾ | ਗੁਰਵਿੰਦਰ ਸਿੰਘ ਜੌਹਲ ਨੇ ਵਾਲ ਸਿਟੀ ਵਿਚ ਉੱਚੀਆਂ-ਉੱਚੀਆਂ ਇਮਾਰਤਾਂ ਤੇ ਹੋਟਲਾਂ ਕਾਰਨ ਵਿਰਾਸਤ ਨੂੰ ਪੈ ਰਹੇ ਖ਼ਤਰੇ ਬਾਰੇ ਚਿੰਤਾ ਪ੍ਰਗਟ ਕੀਤੀ | ਮੁਕਾਬਲੇ ਤੋਂ ਬਾਅਦ ਇੰਟੈਕ ਵਲੋਂ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ |