ਅੰਮਿ੍ਤਸਰ, 12 ਫਰਵਰੀ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਵਲੋਂ 'ਮੈਂਟਰਿੰਗ, ਐਡਵਾਈਜ਼ਿੰਗ ਅਤੇ ਪੀਅਰ ਲਰਨਿੰਗ 'ਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ' ਵਿਸ਼ੇ 'ਤੇ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ | 'ਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ 'ਤੇ 'ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਅਕਾਦਮਿਕ ਮਾਮਲੇ ਡੀਨ ਡਾ: ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਈ ਇਹ ਵਰਕਸ਼ਾਪ ਭਾਰਤ ਏ. ਆਈ. ਸਮਿੱਟ-2026 ਦੀਆਂ ਅਧਿਕਾਰਕ ਪ੍ਰੀ-ਸਮਿੱਟ ਗਤੀਵਿਧੀਆਂ ਤਹਿਤ ਕਰਵਾਈ ਗਈ | ਜਿਸ 'ਚ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਜੀ. ਟੀ. ਰੋਡ ਤੋਂ ਅਸਿਸਟੈਂਟ ਪ੍ਰੋਫੈਸਰ ਅਤੇ ਵਿੱਦਿਅਕ ਸਲਾਹਕਾਰ ਫਰਾਂਸ ਡਾ. ਦੀਪਿਕਾ ਕੋਹਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਉਪਰੋਕਤ ਵਿਸ਼ੇ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਦੌਰਾਨ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਏ. ਆਈ. ਅਜੋਕੇ ਸਮੇਂ 'ਚ ਕੇਵਲ ਤਕਨਾਲੋਜੀ ਦਾ ਵਿਸ਼ਾ ਨਹੀਂ ਰਿਹਾ, ਬਲਕਿ ਇਹ ਸਿੱਖਿਆ, ਸਿਹਤ, ਉਦਯੋਗ, ਖੇਤੀਬਾੜੀ ਅਤੇ ਪ੍ਰਸ਼ਾਸਨ ਸਮੇਤ ਹਰੇਕ ਖੇਤਰ 'ਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਏ. ਆਈ. ਆਧਾਰਿਤ ਤਕਨਾਲੋਜੀਆਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਕੰਮ ਕਰਨ ਦੇ ਢੰਗ ਨੂੰ ਵੀ ਬਦਲਣਗੀਆਂ, ਇਸ ਲਈ ਵਿਦਿਆਰਥੀਆਂ ਲਈ ਇਸ ਖੇਤਰ 'ਚ ਜਾਣਕਾਰੀ ਅਤੇ ਹੁਨਰ ਹਾਸਿਲ ਕਰਨਾ ਬਹੁਤ ਜ਼ਰੂਰੀ ਹੈ | ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਮੌਜ਼ੂਦਾ ਦੌਰ 'ਚ ਸਮਾਰਟਫੋਨ ਐਪਲੀਕੇਸ਼ਨਾਂ, ਆਨਲਾਈਨ ਸੇਵਾਵਾਂ, ਡਿਜ਼ੀਟਲ ਸਿਹਤ ਪ੍ਰਣਾਲੀਆਂ ਅਤੇ ਆਟੋਮੇਟਿਕ ਵਾਹਨਾਂ 'ਚ ਏ. ਆਈ. ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ | ਇਸ ਦੇ ਨਾਲ-ਨਾਲ ਖੇਤੀਬਾੜੀ ਖੇਤਰ 'ਚ ਵੀ ਏ. ਆਈ. ਦੀ ਮਦਦ ਨਾਲ ਮੌਸਮ ਦੀ ਭਵਿੱਖਬਾਣੀ, ਫ਼ਸਲਾਂ ਦੀ ਬਿਮਾਰੀਆਂ ਦੀ ਪਛਾਣ ਅਤੇ ਉਤਪਾਦਨ 'ਚ ਸੁਧਾਰ ਕੀਤਾ ਜਾ ਸਕਦਾ ਹੈ | ਪ੍ਰੋਗਰਾਮ ਦੇ ਦੂਜੇ ਪੜਾਅ 'ਚ ਡਾ. ਦੀਪਿਕਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਿੱਥੇ ਏ. ਆਈ. ਨਵੀਆਂ ਸੁਵਿਧਾਵਾਂ ਲੈ ਕੇ ਆ ਰਹੀ ਹੈ, ਉੱਥੇ ਇਸ ਦੇ ਨੈਤਿਕ ਅਤੇ ਸਮਾਜਿਕ ਪੱਖਾਂ ਨੂੰ ਵੀ ਧਿਆਨ 'ਚ ਰੱਖਣਾ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਡਾਟਾ ਸੁਰੱਖਿਆ, ਗੋਪਨੀਯਤਾ ਅਤੇ ਤਕਨਾਲੋਜੀ ਦੀ ਜ਼ਿੰਮੇਵਾਰ ਵਰਤੋਂ ਸੰਬੰਧੀ ਸਚੇਤ ਰਹਿਣ ਬਾਰੇ ਵੀ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਮੂਡਲ, ਕੈਨਵਾ, ਗੂਗਲ ਕਲਾਸਰੂਮ, ਪੈਡਲੇਟ ਵਰਗੇ ਟੂਲ ਸਿੱਖਣ ਦੇ ਨਤੀਜਿਆਂ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਅਧਿਆਪਨ ਨੂੰ ਤੁਲਨਾਤਮਕ ਤੌਰ 'ਤੇ ਪ੍ਰਭਾਵੀ ਪ੍ਰਕਿਰਿਆ ਬਣਾ ਸਕਦੇ ਹਨ | ਇਸ ਮੌਕੇ ਖ਼ਾਲਸਾ ਕਾਲਜ ਸੀ: ਸੈ: ਸਕੂਲ ਦੇ ਪਿ੍ੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਵੀ ਹਾਜ਼ਰ ਸਨ |