ਅੰਮਿ੍ਤਸਰ, 12 ਫਰਵਰੀ (ਰੇਸ਼ਮ ਸਿੰਘ)-ਜ਼ਿਲ੍ਹਾ ਕਚਹਿਰੀਆਂ 'ਚ ਲੰਬਿਤ ਵਕੀਲਾਂ ਦੇ ਚੈਂਬਰ ਸਮੂਹ ਦਾ ਮੁੱਦਾ ਮੁੱਖ ਮੰਤਰੀ ਦੇ ਦਰਬਾਰ 'ਚ ਜਾ ਪੁਜਿਆ ਹੈ ਜਿਸ ਬਾਰੇ ਉਨਾਂ ਭਰੋਸਾ ਦਿੱਤਾ ਕਿ ਜਲਦ ਹੀ ਵਕੀਲਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ | ਇਹ ਪ੍ਰਗਟਾਵਾ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਉਪਰੰਤ ਅੰਮਿ੍ਤਸਰ ਪੁੱਜੇ ਅੰਮਿ੍ਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਕੀਤਾ ਜਿਨਾਂ ਨਾਲ ਸਕੱਤਰ ਵਿੱਕੀ ਮਹਿਰਾ, ਸੰਯੁਕਤ ਸਕੱਤਰ ਸ਼੍ਰੀ ਸੌਰਭ ਸ਼ਰਮਾ ਵੀ ਮੌਜੁੂਦ ਸਨ | ਉਨਾਂ ਦਸਿਆ ਕਿ ਚੰਡੀਗੜ ਦੀ ਮੀਟਿੰਗ ਵਿਚ ਸਮੂਹ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਸਕੱਤਰ ਮੀਟਿੰਗ ਵਿਚ ਮੌਜੂਦ ਸਨ | ਉਸ ਦੌਰਾਨ ਸ਼੍ਰੀ ਸ਼ਸ਼ੀਵੀਰ ਸ਼ਰਮਾ, ਵਕੀਲ, ਐਡਵੋਕੇਟ ਪਰਮਿੰਦਰ ਸਿੰਘ ਸੇਠੀ ਸਾਬਕਾ ਪ੍ਰਧਾਨ ਅੰਮਿ੍ਤਸਰ ਬਾਰ ਐਸੋਸੀਏਸ਼ਨ, ਐਡਵੋਕੇਟ ਹਰਪਾਲ ਸਿੰਘ ਨਿੱਝਰ ਪ੍ਰਧਾਨ ਅਜਨਾਲਾ ਬਾਰ ਐਸੋਸੀਏਸ਼ਨ, ਪ੍ਰਦੀਪ ਸਿੰਘ ਤੇਜੀ, ਵਿਸ਼ਾਲ ਖੰਨਾ, ਅਤੇ ਆਮ ਆਦਮੀ ਪਾਰਟੀ ਦੇੇ ਕਾਨੂੰਨੀ ਸੈੱਲ ਦੇ ਸਾਰੇ ਮੈਂਬਰ ਮੀਟਿੰਗ ਦੇ ਸਮੇਂ ਮੌਜੂਦ ਸਨ | ਸ: ਪਨੇਸਰ ਨੇ ਦੱਸਿਆ ਕਿ ਉਨ੍ਹਾਂ ਯਾਦਪੱਤਰ ਦੇ ਕੇ ਕਚਿਹਰੀ ਕੰਪਲੈਕਸ ਦੇ ਨਾਲ ਲੱਗਦੀ 3 ਏਕੜ ਜ਼ਮੀਨ ਨੂੰ ਮਲਟੀਸਟੋਰੀ ਵਕੀਲ ਚੈਂਬਰ ਕੰਪਲੈਕਸ ਦੀ ਉਸਾਰੀ ਲਈ ਮਨਜ਼ੂਰੀ ਦੇਣ ਨਾਲ ਸਬੰਧਤ ਮੁੱਦਾ ਚੁਕਿਆ ਤੇ ਨਾਲ ਹੀ ਚੈਂਬਰ ਕੰਪਲੈਕਸ ਦੀ ਉਸਾਰੀ ਲਈ 30 ਕਰੋੜ ਰੁਪਏ ਦੀ ਗ੍ਰਾਂਟ ਦੀ ਪ੍ਰਵਾਨਗੀ ਦੀ ਮੰਗ ਕੀਤੀ | ਇਸੇ ਤਰਾਂ ਵਕੀਲਾਂ ਦੇ ਚੈਂਬਰਾਂ/ਦਫ਼ਤਰਾਂ ਦੇ ਵਪਾਰਕ ਬਿਜਲੀ ਮੀਟਰ ਕੁਨੈਕਸ਼ਨਾਂ ਨੂੰ ਘਰੇਲੂ ਸ਼੍ਰੇਣੀ ਵਿਚ ਬਦਲਣ ਦੀ ਮੰਗ ਕੀਤੀ ਕਿ ਕਾਨੂੰਨੀ ਪੇਸ਼ਾ ਵਪਾਰ ਜਾਂ ਵਪਾਰ ਦੇ ਦਾਇਰੇ ਵਿਚ ਨਹੀਂ ਆਉਂਦਾ | ਸ: ਪਨੇਸਰ ਨੇ ਮੁੱਖ ਮੰਤਰੀ ਸ: ਮਾਨ ਵਕੀਲਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ ਪੰਚਾਇਤੀ ਅਦਾਲਤਾਂ ਦੀ ਸਥਾਪਨਾ ਅਤੇ ਪੰਜਾਬ ਦੇ ਵਕੀਲਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਐਡਵੋਕੇਟਸ ਪ੍ਰੋਟੈਕਸ਼ਨ ਐਕਟ ਨੂੰ ਤੁਰੰਤ ਲਾਗੂ ਕਰਨ ਸੰਬੰਧੀ ਕਾਨੂੰਨ ਨੂੰ ਡੀਨੋਟੀਫਾਈ ਕਰਨ ਦੀ ਮੰਗ ਕੀਤੀ |