ਅੰਮਿ੍ਤਸਰ, 13 ਫਰਵਰੀ (ਜਸਵੰਤ ਸਿੰਘ ਜੱਸ)-ਆਲ ਇੰਡੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਵਿਚ ਪਾਵਨ ਸਰੂਪਾਂ ਦੀ ਮਰਯਾਦਾ ਅਤੇ ਛਪਾਈ ਦੌਰਾਨ ਗਲਤੀਆਂ ਸੰਬੰਧੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਮ ਮੰਗ ਪੱਤਰ ਦਿੱਤਾ ਗਿਆ | ਇਸ ਉਪ੍ਰੰਤ ਭਾਈ ਬਲਬੀਰ ਸਿੰਘ ਮੁੱਛਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਸ੍ਰੀ ਰਾਮਸਰ ਸਾਹਿਬ ਵਾਲੀ ਪ੍ਰੈਸ ਵਿਚ ਪਾਵਨ ਸਰੂਪਾਂ ਦੀ ਛਪਾਈ ਵਿਚ ਵੱਡੀਆਂ ਕੁਤਾਹੀਆਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਨਿਤਾਪ੍ਰਤੀ ਨਿਰਾਦਰੀ ਹੋ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਦਿੱਤੇ ਸਨਮਾਨ-ਕਮ -ਸ਼ਿਕਾਇਤ ਪੱਤਰ ਵਿਚ ਕਿਹਾ ਗਿਆ ਹੈ ਕਿ ਪਾਵਨ ਸਰੂਪਾਂ ਦੀ ਬੇਅਦਬੀ ਕਈ ਤਰ੍ਹਾਂ ਨਾਲ ਹੋ ਰਹੀ ਹੈ | ਪਾਵਨ ਸਰੂਪਾਂ ਦੇ ਕੁਝ ਅੰਗ ਬਿਰਧ ਹੋਣ 'ਤੇ ਅਗਨ ਭੇਟ ਕਰਨਾ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੁਰਾਤਨ ਜਾਂ ਬਿਰਧ ਸਰੂਪਾਂ ਨੂੰ ਅਗਨ-ਭੇਟ ਕਰਨ ਸਮੇਂ ਕੋਈ ਵੀਡੀਓਗ੍ਰਾਫੀ ਜਾਂ ਪੁਖਤਾ ਰਿਕਾਰਡ ਨਾ ਰੱਖਿਆ ਜਾਣਾ, ਅਨਜਾਣ ਗ੍ਰੰਥੀਆਂ ਤੇ ਪਾਠੀਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ, ਛਪਾਈ ਵੇਲੇ ਕਾਗਜ਼ ਪਤਲਾ ਲਾਉਣ ਕਰਕੇ 190 ਪਾਵਨ ਸਰੂਪਾਂ ਦੇ ਅੰਗਾਂ ਦੀ ਸਿਆਹੀ ਅੱਗੇ ਤੱਕ ਫੈਲ ਜਾਣ ਕਰਕੇ ਬੇਅਦਬੀ, ਪਾਵਨ ਸਰੂਪਾਂ ਨੂੰ ਕੰਟੇਨਰਾਂ ਵਿਚ ਭੇਜ ਕੇ ਬੇਅਦਬੀ, ਛਪਾਈ ਦੌਰਾਨ ਗਲਤੀਆਂ ਤੇ ਛਪਾਈ ਦਾ ਕੰਮ ਗੁਰਮਤਿ ਤੋਂ ਅਨਜਾਣ ਵਿਅਕਤੀਆਂ ਨੂੰ ਦੇਣਾ, ਪ੍ਰਕਾਸ਼ ਲਈ ਬਿਰਾਜਮਾਨ ਕਰਨ ਤੋਂ ਪਹਿਲਾਂ ਪੜ੍ਹਤਾਲ ਨਾ ਕਰਨਾ, ਡੇਰਿਆਂ ਦੁਆਰਾ ਅਣਗਿਣਤ ਪਾਵਨ ਸਰੂਪ ਬਿਰਾਜਮਾਨ ਕਰਨਾ ਅਤੇ ਬਿਰਧ ਸਰੂਪ ਦੇ ਨਾਮ ਹੇਠ ਵੱਡੀ ਗਿਣਤੀ ਵਿਚ ਪਾਵਨ ਸਰੂਪਾਂ ਨੂੰ ਬਿਨਾਂ ਰਿਕਾਰਡ ਦੇ ਅਗਨ ਭੇਟ ਕਰਨਾ ਆਦਿ ਦਾ ਜ਼ਿਕਰ ਕੀਤਾ ਗਿਆ ਹੈ | ਭਾਈ ਮੁੱਛਲ ਨੇ ਕਿਹਾ ਕਿ ਉਪਰੋਕਤ ਮਸਲਿਆਂ ਦੇ ਹੱਲ ਲਈ ਜਥੇਦਾਰ ਸਾਹਿਬ ਤੋਂ ਵਿਸ਼ੇਸ਼ ਜਾਂਚ ਕਮੇਟੀ ਬਣਾ ਕੇ ਪੜਤਾਲ ਕਰਾਉਣ ਦੀ ਮੰਗ ਕੀਤੀ ਗਈ ਹੈ | ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਤਿਕਾਰ ਕਮੇਟੀ ਵਲੋਂ ਮਰਯਾਦਾ ਦੀ ਬਹਾਲੀ ਲਈ ਸੰਘਰਸ਼ ਅਰੰਭ ਕੀਤਾ ਜਾਵੇਗਾ | ਇਸ ਪੱਤਰ 'ਤੇ ਭਾਈ ਮੁੱਛਲ ਤੋਂ ਇਲਾਵਾ ਨਿਸ਼ਾਨ ਸਿੰਘ, ਸੁੱਖਾ ਸਿੰਘ, ਮਨਦੀਪ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ ਅਤੇ ਹਰਜਿੰਦਰ ਸਿੰਘ ਖਾਲਸਾ ਆਦਿ ਦੇ ਦਸਤਖਤ ਸਨ |