ਅੰਮਿ੍ਤਸਰ, 13 ਫਰਵਰੀ (ਹਰਮਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਮੁਹਿੰਮ ਦੇ ਤਹਿਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਗਈ ਹੈ | ਐਂਟੀ ਗੈਂਗਸਟਰ ਅਪਰੇਸ਼ਨ ਸੈੱਲ ਅੰਮਿ੍ਤਸਰ ਦੀ ਪੁਲਿਸ ਵਲੋਂ ਦੌਰਾਨੇ ਗਸ਼ਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸ ਸੰਬੰਧ ਵਿਚ ਤਫਤੀਸ਼ ਅਫ਼ਸਰ ਰਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਪੁਲਿਸ ਵਲੋਂ ਮਕਬੂਲਪੁਰਾ ਥਾਣੇ ਦੇ ਅਧੀਨ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ ਕਿ ਇਕ ਵਿਅਕਤੀ ਸ਼ੱਕੀ ਹਾਲਤ ਵਿਚ ਪੈਦਲ ਘੁੰਮਦਾ ਦੇਖਿਆ ਜੋ ਕਿਸੇ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਲਈ ਇੰਤਜ਼ਾਰ ਕਰ ਰਿਹਾ ਸੀ | ਉਸ ਦੀ ਹਰਕਤਾਂ 'ਤੇ ਸ਼ੱਕ ਪੈਣ 'ਤੇ ਪੁਲਿਸ ਵਲੋਂ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ 'ਚੋਂ ਪੁਲਿਸ ਨੂੰ 210 ਗ੍ਰਾਮ ਹੈਰੋਇਨ ਅਤੇ 8500 ਰੁਪਏ ਡਰੱਗ ਮਨੀ ਦੇ ਬਰਾਮਦ ਹੋਏ ਹਨ | ਮੁੱਢਲੀ ਪੱੁਛਗਿਛ ਦੌਰਾਨ ਉਕਤ ਵਿਅਕਤੀ ਨੇ ਆਪਣੀ ਪਹਿਚਾਣ ਕੁਲਦੀਪ ਸਿੰਘ ਸਾਬਾ ਵਾਸੀ ਪਿੰਡ ਸਿੰਗਾਰਪੁਰ ਤਰਨ ਤਾਰਨ ਵਜੋਂ ਦੱਸੀ ਗਈ | ਉਕਤ ਵਿਅਕਤੀ ਦੇ ਖਿਲਾਫ਼ ਥਾਣਾ ਮਕਬੂਲਪੁਰਾ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ |