ਛੇਹਰਟਾ, 27 ਫਰਵਰੀ (ਪੱਤਰ ਪ੍ਰੇਰਕ)-ਦੋ ਗੁਰੂ ਸਾਹਿਬਾਨ ਜੀ ਦੀ ਚਰਨਛੋਹ ਪ੍ਰਾਪਤ ਤੇ ਸੱਚਖੰਡ ਵਾਸੀ ਸੰਤ ਬਾਬਾ ਮਸਤ ਰਾਮ ਜੀ ਦੇ ਭਗਤੀ ਸਥਾਨ ਇਤਿਹਾਸਿਕ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ ਮੁੱਖ ਸੇਵਾਦਾਰ ਜਥੇ : ਸਵਿੰਦਰ ਸਿੰਘ ਸੰਧੂ ਕੋਟ ਖਾਲਸਾ ਦੀ ਦੇਖ ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 87ਵਾਂ ਹੋਲਾ ਮਹੱਲਾ ਸਮਾਗਮ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਏ ਜਾ ਰਹੇ ਹਨ ਤੇ ਹੋਲੇ ਮਹੱਲੇ ਸਮਾਗਮਾਂ ਸੰਬੰਧੀ ਚੱਲ ਰਹੀ 37 ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਦੂਸਰੀ ਲੜੀ ਦੇ ਅੱਜ ਭੋਗ ਪੈਣ ਉਪਰੰਤ ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੰਥ ਪ੍ਰਸਿੱਧ ਕੀਰਤਨੀਏ ਜਥਿਆਂ ਵਲੋਂ ਅੰਮਿ੍ਤਮਈ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਉਪਰੰਤ ਤੀਸਰੀ ਲੜੀ ਦੇ 37 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਗਏ | ਹੋਲੇ ਮਹੱਲੇ ਸਮਾਗਮਾਂ ਸੰਬੰਧੀ ਬਾਬਾ ਮਸਤ ਰਾਮ ਜੀ ਵਾਲੀਬਾਲ ਸਪੋਰਟਸ ਕਲੱਬ ਕੋਟ ਖਾਲਸਾ ਵਲੋਂ ਐੱਨ.ਆਰ.ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੋਲੇ ਮਹੱਲੇ ਨੂੰ ਸਮਰਪਿਤ 9ਵਾਂ 2 ਰੋਜਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਵਾਲੀਬਾਲ ਟੂਰਨਾਮੈਂਟ ਵਿਚ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚੋਂ ਇੰਟਰਨੈਸ਼ਨਲ ਖਿਡਾਰੀਆਂ ਨਾਲ ਸੱਜੀਆਂ ਕਰੀਬ 32 ਟੀਮਾਂ ਨੇ ਭਾਗ ਲਿਆ ਤੇ ਆਪਣੀ ਕਲਾ ਦੇ ਜੌਹਰ ਵਿਖਾਏ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਵਿੰਦਰ ਸਿੰਘ ਸੰਧੂ ਤੇ ਕਮੇਟੀ ਮੈਂਬਰਾਂ ਵਲੋਂ ਪਿੰਡ ਮਾਹਲ ਦੀ ਜੇਤੂ ਟੀਮ ਨੂੰ 31000 ਰੁਪਏ ਦਾ ਨਗਦ ਇਨਾਮ ਤੇ ਟਰਾਫੀ ਤੇ ਉਪ ਜੇਤੂ ਕੋਟ ਖਾਲਸਾ ਦੀ ਟੀਮ ਨੂੰ 21000 ਰੁਪਏ ਦਾ ਨਗਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਕਲੱਬ ਵਲੋਂ ਜੋ ਹਰ ਸਾਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਉਹ ਸ਼ਲਾਘਾਯੋਗ ਹੈ ਕਿਉਂਕਿ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤੇ ਵੱਡੀਆਂ ਮੱਲਾਂ ਮਾਰ ਕੇ ਆਪਣੇ ਦੇਸ਼ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ! ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ 1 ਮਾਰਚ ਤੋਂ 4 ਮਾਰਚ ਤੱਕ ਲਗਾਤਾਰ ਚਾਰ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਤੇ 5 ਮਾਰਚ ਨੂੰ ਸਮਾਗਮਾਂ ਦੀ ਸਮਾਪਤੀ ਉਪਰੰਤ ਦਸਤਾਰਬੰਦੀ ਮੁਕਾਬਲੇ ਕਰਵਾਏ ਜਾਣਗੇ | ਇਸ ਮੌਕੇ ਹਰਭਜਨ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਸਰਕਾਰੀਆ ਮੀਤ ਪ੍ਰਧਾਨ, ਕੁਲਵੰਤ ਸਿੰਘ ਸਰਕਾਰੀਆ ਜਨਰਲ ਸਕੱਤਰ, ਪਰਮਿੰਦਰ ਸਿੰਘ ਸੰਧੂ ਸਕੱਤਰ, ਦਵਿੰਦਰ ਸਿੰਘ ਸੰਧੂ ਪ੍ਰਚਾਰ ਸਕੱਤਰ, ਜਥੇ: ਮੇਜਰ ਸਿੰਘ ਸਰਕਾਰੀਆ ਆਡੀਟਰ, ਅਮਨਦੀਪ ਸਿੰਘ ਖਿਆਲੀਆ ਖ਼ਜ਼ਾਨਚੀ, ਸੁਰਜਨ ਸਿੰਘ, ਹਰਸਿਮਰਨਦੀਪ ਸਿੰਘ ਸੰਧੂ, ਦਿਲਬਾਗ ਸਿੰਘ ਸਹਿੰਸਰੀਆ, ਬੱਗਾ ਸਿੰਘ, ਮਨਜੀਤ ਸਿੰਘ ਝੰਡ, ਸੁਖਬੀਰ ਸਿੰਘ ਸੋਨੀ, ਸੁਰਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਪਾਲ ਸਿੰਘ ਸੰਧੂ, ਹਰਦਿਆਲ ਸਿੰਘ, ਰਘਬੀਰ ਸਿੰਘ ਸੰਧੂ (ਸਾਰੇ ਮੈਂਬਰ ਕਮੇਟੀ), ਪ੍ਰੇਮ ਸਿੰਘ ਵਡਾਲੀ, ਖੁਸ਼ਬੀਰ ਸਿੰਘ, ਅੰਮਿ੍ਤਪਾਲ ਸਿੰਘ, ਸੁਖਰਾਜ ਸਿੰਘ, ਬਲਜਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |