ਹਾਥੀ ਗੇਟ ਦੇ ਬਾਹਰ ਨਗਰ ਨਿਗਮ ਦੀ ਇੰਸਪੈਕਟਰ ਨਾਲ ਹੋਈ ਬਦਸਲੂਕੀ
ਅਜੀਤ ਡੈਸਕ
28-02-2026
ਟੀਮ 'ਤੇ ਸਬਜ਼ੀਆਂ ਸੁੱਟੀਆਂ ਤੇ ਟਰੈਫਿਕ ਕੀਤਾ ਜਾਮ
ਅੰਮਿ੍ਤਸਰ, 27 ਫਰਵਰੀ (ਰੇਸ਼ਮ ਸਿੰਘ)-ਇਥੇ ਹਾਥੀ ਗੇਟ ਵਿਖੇ ਸੜਕ ਤੇ ਫੁੱਟਪਾਥ 'ਤੇ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਗਈ ਨਿਗਮ ਨਾਲ ਲੋਕਾਂ ਵਲੋਂ ਬਦਸਲੂਕੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ ਜਿਸ ਦੌਰਾਨ ਮਹਿਲਾ ਇੰਸਪੈਕਟਰ ਨਾਲ ਵੀ ਲੋਕਾਂ ਨੇ ਦੁਰਵਿਵਹਾਰ ਕੀਤਾ ਤੇ ਉਸ 'ਤੇ ਸਬਜ਼ੀਆਂ ਵੀ ਸੁੱਟੀਆਂ | ਪੁਲਿਸ ਨੇ ਇੰਸਪੈਕਟਰ ਦੀ ਸ਼ਿਾਕਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਇਹ ਸ਼ਿਕਾਇਤ ਪ੍ਰੀਤੀ ਚੌਹਾਨ ਇੰਸਪੈਕਟਰ ਅਸਟੇਟ ਵਿਭਾਗ ਨਗਰ ਨਿਗਮ ਨੇ ਦਰਜ ਕਰਵਾਈ ਹੈ ਜਿਸ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਰੋਜ਼ਾਨਾ ਦੀ ਤਰ੍ਹਾਂ ਇਥੇ ਹਾਥੀ ਗੇਟ ਵਿਖੇ ਗਈ ਸੀ ਜਿਥੇ ਕਮਿਸ਼ਨਰ ਨਿਗਮ ਦੇ ਹੁਕਮਾਂ ਤਹਿਤ ਲੋਕਾਂ ਨੂੰ ਨਾਜਾਇਜ਼ ਕਬਜੇ ਹਟਾਉਣ ਲਈ ਕਿਹਾ ਤਾਂ ਸੋਨਾ ਨਾਮ ਦੇ ਵਿਅਕਤੀ ਜੋ ਰੇਹੜੀ ਲਗਾਉਂਦਾ ਹੈ, ਵਲੋਂ ਨਿਗਮ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ | ਹੱਥੋਪਾਈ ਕੀਤੀ ਤੇ ਮਹਿਲਾ ਇੰਸਪੈਕਟਰ 'ਤੇ ਸਬਜ਼ੀਆਂ ਵੀ ਸੁੱਟੀਆਂ ਗਈਆਂ | ਇਸ ਉਪਰੰਤ ਹੋਰ ਰੇਹੜੀ ਵਾਲਿਆਂ ਨਾਲ ਮਿਲ ਕੇ ਹਾਥੀ ਗੇਟ ਦੇ ਬਾਹਰ ਆਵਾਜਾਈ ਜਾਮ ਲਾਇਆ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |