ਅੰਮਿ੍ਤਸਰ, 28 ਫ਼ਰਵਰੀ (ਜੱਸ)-ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਟੀ.ਵੀ.ਐੱਸ. ਵਲੋਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਚਾਰ ਦੋ ਪਹੀਆ ਵਾਹਨ ਭੇਟ ਕੀਤੇ ਗਏ | ਇਸ ਵਿਚ 1 ਅਪਾਚੇ ਆਰਟੀਐਕਸ ਮੋਟਰਸਾਈਕਲ, 1 ਟੀ.ਵੀ.ਐਸ. ਜੂਪੀਟਰ, 1 ਟੀ.ਵੀ.ਐਸ. ਐਨ ਟੋਰਕ ਅਤੇ 1 ਬੈਟਰੀ ਵਾਲੀ ਆਰਬਿਟ ਸਕੂਟੀ ਸ਼ਾਮਲ ਹਨ | ਇਨ੍ਹਾਂ ਚਾਰੇ ਵਾਹਨਾਂ ਦੀਆਂ ਚਾਬੀਆਂ ਟੀ.ਵੀ.ਐਸ. ਕੰਪਨੀ ਦੇ ਅਧਿਕਾਰੀਆਂ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪ੍ਰਧਾਨ ਦੇ ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੂੰ ਸੌਂਪੀਆਂ ਗਈਆਂ | ਇਸ ਮੌਕੇ ਐਡਵੋਕੇਟ ਸਿਆਲਕਾ ਨੇ ਕਿਹਾ ਸ੍ਰੀ ਦਰਬਾਰ ਸਾਹਿਬ ਵਿਖੇ ਜਿਥੇ ਸ਼ਰਧਾਲੂਆਂ ਵਲੋਂ ਵੱਖ-ਵੱਖ ਸੇਵਾਵਾਂ ਵਿਚ ਹਿੱਸਾ ਪਾਇਆ ਜਾਂਦਾ ਹੈ, ਉਥੇ ਹੀ ਬਹੁਤ ਸਾਰੀਆਂ ਕੰਪਨੀਆਂ ਵੀ ਆਪਣੇ ਨਵੇਂ ਵਹੀਕਲ ਭੇਟ ਕਰਕੇ ਸ਼ਰਧਾ ਪ੍ਰਗਟਾਉਂਦੀਆਂ ਹਨ | ਇਸੇ ਤਹਿਤ ਹੀ ਅੱਜ ਉਕਤ ਕੰਪਨੀ ਵਲੋਂ ਚਾਰ ਦੋ ਪਹੀਆ ਵਾਹਨ ਭੇਟਾ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਹੈ | ਇਸ ਦੌਰਾਨ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਉਕਤ ਕੰਪਨੀ ਅਤੇ ਉਸਦੇ ਅੰਮਿ੍ਤਸਰ ਵਿਚਲੇ ਵਿਕਰੇਤਾਵਾਂ ਲਵਤੇਜ ਸਿੰਘ ਸਚਦੇਵਾ, ਵਿਮਲ ਸੁੰਬਲੀ, ਸ਼ਿਵ ਸਵਰੂਪ ਜੌਹਰੀ, ਵਿਕਾਸ ਸਿੱਕਾ ਅਤੇ ਅਯੂਸ਼ ਜੈਨ ਆਦਿ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ, ਸਤਨਾਮ ਸਿੰਘ ਰਿਆੜ, ਜਸਪਾਲ ਸਿੰਘ ਢੱਡੇ, ਵਧੀਕ ਮੈਨੇੇਜਰ ਗੁਰਤਿੰਦਰਪਾਲ ਸਿੰਘ ਕਾਦੀਆਂ ਵੀ ਮੌਜੂਦ ਸਨ |