ਅੰਮਿ੍ਤਸਰ/ਸੁਲਤਾਨਵਿੰਡ 28 ਫਰਵਰੀ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਨਸ਼ੇ ਦੀ ਨਾਮੁਰਾਦ ਬਿਮਾਰੀ ਨੂੰ ਜੜੋਂ ਪੁੱਟਣ ਲਈ ਅੰਮਿ੍ਤਸਰ ਪੁਲਿਸ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਜਿਸ ਦੇ ਸਾਰਥਿਕ ਨਤੀਜੇ ਵੀ ਸਾਹਮਣੇ ਆ ਰਹੇ ਹਨ | ਇਹ ਪ੍ਰਗਟਾਵਾ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ 'ਤੇ ਨੱਥ ਪਾਉਣ ਅਤੇ ਪਬਲਿਕ ਦੀਆਂ ਮੁਸ਼ਕਲਾਂ ਜਾ ਕੇ ਸੁਣ ਕੇ ਹੱਲ ਕਰਨ ਲਈ ਆਪਰੇਸ਼ਨ ਸੰਪਰਕ ਤਹਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਦੱਖਣੀ ਦੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਕੀਤਾ | ਇਸ ਮੀਟਿੰਗ 'ਚ ਵਪਾਰ ਮੰਡਲ ਦੇ ਆਗੂ, ਗੁਰੂ ਬਜ਼ਾਰ ਦੇ ਦੁਕਾਨਦਾਰਾਂ ਅਤੇ ਪਤਵੰਤੇ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ ਸਿਟੀ-1, ਜਸਪਾਲ ਸਿੰਘ ਏ.ਸੀ.ਪੀ ਕੇਂਦਰੀ, ਪ੍ਰਵੇਸ਼ ਚੋਪੜਾ ਏ.ਸੀ.ਪੀ. ਦੱਖਣੀ ਵੀ ਮੌਜੂਦ ਸਨ | ਮੀਟਿੰਗ ਦੌਰਾਨ ਹਾਜ਼ਰੀਨ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਸੁਝਾਅ ਅਤੇ ਮੁਸ਼ਕਲਾਂ ਵੀ ਸੁਣੀਆਂ ਤੇ ਉਨ੍ਹਾਂ ਦਾ ਹੱਲ ਮੌਕਾ 'ਤੇ ਕੀਤਾ ਗਿਆ | ਪੁਲਿਸ ਕਮਿਸ਼ਨਰ ਸ: ਭੁੱਲਰ ਨੇ ਦਸਿਆ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਵਲੋਂ ਬੜੀ ਸਖ਼ਤੀ ਨਾਲ ਜ਼ੀਰੋ ਸ਼ਹਿਨਸ਼ੀਲਤਾ ਨੀਤੀ ਤਹਿਤ ਕਾਨੂੰਨੀ ਕਾਰਵਾਈ ਕਰਕੇ ਗਿ੍ਫ਼ਤਾਰੀਆਂ ਕਰਕੇ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਬ੍ਰਾਮਦ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਬਣਾਈ ਗਈ ਚੱਲ-ਅਚੱਲ ਪ੍ਰਾਪਰਟੀ ਨੂੰ ਢਾਹਿਆ ਤੇ ਜਬਤ ਵੀ ਕੀਤਾ ਜਾ ਰਿਹਾ ਹੈ | ਉਸਦੇ ਨਾਲ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਜਾਬ ਪੁਲਿਸ ਦੇ ਕਰਮਚਾਰੀਆਂ/ਅਧਿਕਾਰੀਆਂ ਵਲੋਂ ਜਨਤਕ ਸਥਾਨਾਂ ਜਿਵੇਂ ਸਕੂਲਾਂ/ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਵਿਖੇ ਆਪਰੇਸ਼ਨ ਸੰਪਰਕ ਤਹਿਤ ਮੀਟਿੰਗਾਂ ਕਰਕੇ ਨਸ਼ੇ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਦੀ ਦਲਦਲ ਵਿਚ ਫੱਸ ਗਏ ਹਨ, ਇਸ ਵਿੱਚੋਂ ਕੱਢਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ |