ਅੰਮਿ੍ਤਸਰ, 1 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਆਮ ਆਦਮੀ ਪਾਰਟੀ (ਆਪ) ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸੀ ਆਗੂ ਅਤੇ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕੀਤੀ ਗਈ ਟਿੱਪਣੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ 'ਚ ਪਿਛਲੇ ਦਿਨੀਂ ਸ਼ਹੀਦ ਹੋਏ ਸਾਡੇ ਦੋ ਜਾਂਬਾਜ਼ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ 'ਤੇ ਰਾਜਨੀਤੀ ਕਰਨਾ ਬੇਹੱਦ ਸ਼ਰਮਨਾਕ ਹੈ | ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਉੱਥੋਂ ਦੇ ਐੱਸ. ਐੱਸ. ਪੀ. ਨੂੰ ਜੋ ਅਪਸ਼ਬਦ ਕਹੇ ਹਨ, ਉਹ ਉਨ੍ਹਾਂ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦੇ ਹਨ | ਵਿਧਾਇਕ ਰੰਧਾਵਾ ਨੇ ਸੁਖਜਿੰਦਰ ਰੰਧਾਵਾ 'ਤੇ ਸਿੱਧਾ ਹਮਲਾ ਕਰਦਿਆਂ ਸਵਾਲ ਕੀਤਾ ਕਿ ਉਹ ਜਨਤਾ ਨੂੰ ਦੱਸਣ ਕਿ ਉਸ ਸਮੇਂ ਦੇ ਖ਼ੂੰਖਾਰ ਅੱਤਵਾਦੀ 'ਨੱਟੀ' ਨਾਲ ਉਨ੍ਹਾਂ ਦੇ ਪਰਿਵਾਰ ਦੇ ਕੀ ਸੰਬੰਧ ਸਨ? ਉਨ੍ਹਾਂ ਪੁੱਛਿਆ ਕਿ ਜੋ ਅੱਤਵਾਦੀ ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੂੰ ਆਪਣਾ 'ਪਿਤਾ' ਕਹਿ ਕੇ ਬੁਲਾਉਂਦਾ ਸੀ ਅਤੇ ਜਿਸ ਨੂੰ ਰੰਧਾਵਾ ਆਪਣਾ ਭਰਾ ਮੰਨਦੇ ਸਨ, ਉਸ ਨਾਲ ਉਨ੍ਹਾਂ ਦੇ ਪਰਿਵਾਰ ਦੀ ਕੀ ਸਾਂਝ ਸੀ? ਇੰਨਾ ਹੀ ਨਹੀਂ, ਉੱਤਰ ਪ੍ਰਦੇਸ਼ ਦੇ ਬਦਨਾਮ ਅੰਸਾਰੀ ਪਰਿਵਾਰ ਅਤੇ ਹੋਰ ਗੈਂਗਸਟਰਾਂ ਨਾਲ ਆਪਣੇ ਸੰਬੰਧਾਂ 'ਤੇ ਸੁਖਜਿੰਦਰ ਰੰਧਾਵਾ ਚੁੱਪੀ ਕਿਉਂ ਧਾਰ ਲੈਂਦੇ ਹਨ? ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਦੀਆਂ ਆਪਣੀਆਂ ਤਾਰਾਂ ਅਪਰਾਧੀਆਂ ਨਾਲ ਜੁੜੀਆਂ ਹੋਣ, ਉਨ੍ਹਾਂ ਨੂੰ ਵਰਦੀਧਾਰੀ ਇਮਾਨਦਾਰ ਪੁਲਿਸ ਮੁਲਾਜ਼ਮਾਂ 'ਤੇ ਇਲਜ਼ਾਮ ਲਗਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ |