ਸੁਲਤਾਨਵਿੰਡ, 29 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਇਲਾਕੇ ਵਿਚ ਸਾਲਾਂ ਤੋਂ ਬੰਦ ਪਏ ਕਮਿਊਨਿਟੀ ਹਾਲ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ | ਇਸ ਇਮਾਰਤ ਦਾ ਦੌਰਾ ਕਰਦਿਆਂ ਉਨ੍ਹਾਂ ਇਸ ਨੂੰ ਤੁਰੰਤ ਜਨਤਾ ਦੇ ਹਵਾਲੇ ਕਰਨ ਦੀ ਮੰਗ ਉਠਾਈ | ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਟੈਕਸ ਦਾਤਿਆਂ ਦੇ ਪੈਸੇ ਨਾਲ ਬਣੀ ਇਹ ਆਲੀਸ਼ਾਨ ਇਮਾਰਤ ਨਸ਼ੇੜੀਆਂ ਦਾ ਅੱਡਾ ਨਹੀਂ, ਸਗੋਂ ਲੋਕਾਂ ਦੀ ਸਹੂਲਤ ਦਾ ਕੇਂਦਰ ਹੋਣੀ ਚਾਹੀਦੀ ਹੈ | ਵਿਜੀਲੈਂਸ ਜਾਂਚ ਦੇ ਨਾਂਅ 'ਤੇ ਜਨਤਾ ਦਾ ਨੁਕਸਾਨ ਕਿਉਂ ਔਜਲਾ ਨੇ ਕਿਹਾ ਕਿ ਇਹ ਹਾਲ ਪਿਛਲੀ ਸਰਕਾਰ ਦੇ ਸਮੇਂ ਹੀ ਮੁਕੰਮਲ ਹੋ ਗਿਆ ਸੀ, ਪਰ ਵਿਜੀਲੈਂਸ ਦੀ ਕਿਸੇ ਕਾਰਵਾਈ ਕਾਰਨ ਇਸ ਨੂੰ ਜਨਤਾ ਲਈ ਨਹੀਂ ਖੋਲਿ੍ਹਆ ਗਿਆ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਜਾਂਚ ਕਿਸੇ ਵਿਅਕਤੀ ਵਿਸ਼ੇਸ਼ 'ਤੇ ਹੈ, ਤਾਂ ਉਸ ਦੀ ਸਜ਼ਾ ਆਮ ਜਨਤਾ ਨੂੰ ਕਿਉਂ ਦਿੱਤੀ ਜਾ ਰਹੀ ਹੈ | ਨਿਰੀਖਣ ਦੌਰਾਨ ਔਜਲਾ ਨੇ ਚਿੰਤਾ ਪ੍ਰਗਟਾਈ ਕਿ ਦੇਖਭਾਲ ਨਾ ਹੋਣ ਕਾਰਨ ਇਮਾਰਤ 'ਚੋਂ ਪਾਣੀ ਟਪਕ ਰਿਹਾ ਹੈ ਅਤੇ ਚੋਰਾਂ ਵਲੋਂ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਇਹ ਕਰੋੜਾਂ ਦੀ ਇਮਾਰਤ ਖੰਡਰ ਬਣ ਜਾਵੇਗੀ | ਉਨ੍ਹਾਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੂੰ ਅਪੀਲ ਕੀਤੀ ਕਿ ਕਾਨੂੰਨੀ ਅੜਚਣਾਂ ਨੂੰ ਦੂਰ ਕਰਕੇ ਇਸ ਹਾਲ ਨੂੰ ਤੁਰੰਤ ਸਮਾਜਿਕ ਅਤੇ ਭਾਈਚਾਰਕ ਸਮਾਗਮਾਂ ਲਈ ਖੋਲਿ੍ਹਆ ਜਾਵੇ | ਉਨ੍ਹਾਂ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਨਾਲ ਬਣੀਆਂ ਇਮਾਰਤਾਂ ਜਿੰਦਿਆਂ ਵਿਚ ਬੰਦ ਰੱਖਣਾ ਪ੍ਰਸ਼ਾਸਨ ਦੀ ਨਾਕਾਮੀ ਹੈ | ਅਸੀਂ ਇਸ ਕੀਮਤੀ ਸਰਮਾਏ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦੇਵਾਂਗੇ | ਸੰਸਦ ਮੈਂਬਰ ਔਜਲਾ ਇਲਾਕੇ ਵਿਚ ਇਕ ਕਾਂਗਰਸੀ ਵਰਕਰ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਨ ਪਹੁੰਚੇ ਸਨ | ਉੱਥੇ ਮੌਜੂਦ ਸਥਾਨਕ ਨਿਵਾਸੀਆਂ ਨੇ ਉਨ੍ਹਾਂ ਦਾ ਧਿਆਨ ਇਸ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਵੱਲ ਦਿਵਾਇਆ | ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਤੁਰੰਤ ਬਾਅਦ ਸੰਸਦ ਮੈਂਬਰ ਨੇ ਖ਼ੁਦ ਮੌਕੇ ਦਾ ਜਾਇਜ਼ਾ ਲਿਆ ਅਤੇ ਇਸ ਮਾਮਲੇ ਨੂੰ ਉੱਚ ਪੱਧਰ 'ਤੇ ਚੁੱਕਣ ਦਾ ਭਰੋਸਾ ਦਿੱਤਾ |