ਅੰਮਿ੍ਤਸਰ, 29 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਦਾਣਾ ਮੰਡੀ ਭਗਤਾਂ ਵਾਲਾ ਦਾ ਦੌਰਾ ਕਰਕੇ ਜਿੱਥੇ ਖਰਾਬ ਮੌਸਮ ਅਤੇ ਹਲਕੀ ਬੂੰਦਾਬਾਂਦੀ ਵਿਚਕਾਰ ਮੰਡੀ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਉਥੇ ਹੀ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਨੂੰ ਲੈ ਕੇ ਗੰਭੀਰ ਚਿੰਤਾ ਜਤਾਉਂਦੇ ਹੋਏ ਪੰਜਾਬ ਸਰਕਾਰ ਦੀ ਖ਼ਰੀਦ, ਲਿਫਟਿੰਗ ਅਤੇ ਪ੍ਰਬੰਧਕੀ ਵਿਵਸਥਾ 'ਤੇ ਸਵਾਲ ਖੜੇ ਕੀਤੇ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੀ ਮੰਡੀ ਪ੍ਰਣਾਲੀ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਸਮੇਤ ਸਰਹੱਦੀ ਇਲਾਕਿਆਂ ਦੀਆਂ ਮੰਡੀਆਂ ਵਿਚ ਲੱਖਾਂ ਬੋਰੀਆਂ ਕਣਕ ਖੁੱਲ੍ਹੇ ਵਿਚ ਪਈਆਂ ਹਨ ਅਤੇ ਮੌਸਮ ਖਰਾਬ ਹੋਣ ਕਾਰਨ ਫਸਲ ਨੂੰ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ | ਔਜਲਾ ਨੇ ਦੱਸਿਆ ਕਿ ਕਰੀਬ 6.05 ਲੱਖ ਬੋਰੀਆਂ ਕਣਕ ਮੰਡੀਆਂ ਵਿਚ ਪਈ ਹੈ, ਪਰ ਹੁਣ ਤੱਕ ਸਿਰਫ਼ 10 ਫੀਸਦੀ ਲਿਫਟਿੰਗ ਹੀ ਹੋਈ ਹੈ, ਜੋ ਬਹੁਤ ਚਿੰਤਾਜਨਕ ਹੈ | ਉਨ੍ਹਾਂ ਕਿਹਾ ਕਿ ਅਜਨਾਲਾ, ਲੋਪੋਕੇ, ਭਿੰਡੀ ਸੈਦਾਂ, ਮਜੀਠਾ ਅਤੇ ਹੋਰ ਮੰਡੀਆਂ ਵਿਚ ਹਾਲਾਤ ਹੋਰ ਵੀ ਮਾੜੇ ਹਨ, ਜਿੱਥੇ ਸ਼ੈੱਡ, ਤਿਰਪਾਲ ਅਤੇ ਸੁਰੱਖਿਅਤ ਸਟੋਰੇਜ ਦੀ ਕਮੀ ਹੈ | ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਸਰਕਾਰ ਨੇ ਪ੍ਰਬੰਧ ਨਹੀਂ ਸੁਧਾਰੇ ਤਾਂ ਕਿਸਾਨਾਂ ਦੀ ਮਿਹਨਤ ਨਾਲ ਉਗਾਈ ਫਸਲ ਖਰਾਬ ਹੋ ਸਕਦੀ ਹੈ, ਜਿਸਦਾ ਸਿੱਧਾ ਅਸਰ ਉਨ੍ਹਾਂ ਦੀ ਆਰਥਿਕਤਾ 'ਤੇ ਪਵੇਗਾ | ਔਜਲਾ ਨੇ ਟੈਂਡਰ ਪ੍ਰਕਿਰਿਆ ਵਿਚ ਵੱਡੇ ਪੱਧਰ 'ਤੇ ਗੜਬੜੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 70 ਤੋਂ 80 ਫੀਸਦੀ ਠੇਕੇ ਉਨ੍ਹਾਂ ਲੋਕਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਕੋਲ ਆਪਣੇ ਟਰੱਕ ਤੱਕ ਨਹੀਂ ਹਨ | ਉਨ੍ਹਾਂ ਦੋਸ਼ ਲਾਇਆ ਕਿ ਕਾਗਜ਼ੀ ਗੱਡੀਆਂ ਦੇ ਆਧਾਰ 'ਤੇ ਠੇਕੇ ਵੰਡੇ ਗਏ, ਜਿਸ ਕਾਰਨ ਕਣਕ ਦੀ ਲਿਫਟਿੰਗ ਬਹੁਤ ਹੌਲੀ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ 'ਚ ਪਾਰਦਰਸ਼ਤਾ ਦੀ ਕਮੀ ਦਾ ਖਮਿਆਜ਼ਾ ਕਿਸਾਨਾਂ ਅਤੇ ਆੜਤੀਆਂ ਨੂੰ ਭੁਗਤਣਾ ਪੈ ਰਿਹਾ ਹੈ | ਔਜਲਾ ਨੇ ਕਿਹਾ ਕਿ ਸਰਕਾਰ ਵਲੋਂ 72 ਘੰਟਿਆਂ ਵਿਚ ਲਿਫਟਿੰਗ ਅਤੇ ਭੁਗਤਾਨ ਦੇ ਕੀਤੇ ਦਾਅਵੇ ਪੂਰੀ ਤਰ੍ਹਾਂ ਫੇਲ ਸਾਬਤ ਹੋਏ ਹਨ | ਔਜਲਾ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਕਣਕ ਲਿਫਟਿੰਗ, ਭੰਡਾਰਨ ਅਤੇ ਮੰਡੀ ਪ੍ਰਬੰਧ ਵਿਚ ਸੁਧਾਰ ਨਾ ਕੀਤਾ ਤਾਂ ਕਿਸਾਨਾਂ, ਆੜਤੀਆਂ ਅਤੇ ਆਮ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ |
ਗੁਰਜੀਤ ਸਿੰਘ ਔਜਲਾ ਵਲੋਂ ਭਗਤਾਂ ਵਾਲਾ ਮੰਡੀ ਦਾ ਦੌਰਾ <br/>
ਅਜੀਤ ਡੈਸਕ
30-04-2026