17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪਾਕਿ ਨੇ ਅਮਰੀਕੀ ਜਲ ਸੈਨਾ ਵਲੋਂ ਹੋਰਮੁਜ਼ ਜਲਡਮਰੂ ਦੀ ਕੀਤੀ ਸਖ਼ਤ ਨਾਕਾਬੰਦੀ ਦੌਰਾਨ ਈਰਾਨ ਲਈ ਖੋਲ੍ਹੇ ਛੇ ਜ਼ਮੀਨੀ ਰਸਤੇ <br/>

ਅਜੀਤ ਡੈਸਕ 30-04-2026
ਅੰਮਿ੍ਤਸਰ, 29 ਅਪ੍ਰੈਲ (ਸੁਰਿੰਦਰ ਕੋਛੜ)-ਅਮਰੀਕੀ ਜਲ ਸੈਨਾ ਵਲੋਂ ਹੋਰਮੁਜ਼ ਜਲਡਮਰੂ ਦੀ ਸਖ਼ਤ ਨਾਕਾਬੰਦੀ ਕਰਕੇ ਈਰਾਨ ਦੀ ਸਪਲਾਈ ਲੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੇ ਜਾਣ ਦੇ ਦੌਰਾਨ ਪਾਕਿਸਤਾਨ ਨੇ ਛੇ ਜ਼ਮੀਨੀ ਆਵਾਜਾਈ ਰਸਤੇ ਖੋਲ੍ਹ ਕੇ ਈਰਾਨ ਲਈ ਇਕ ਨਵਾਂ ਰਸਤਾ ਤਿਆਰ ਕਰ ਦਿੱਤਾ ਹੈ | ਪਾਕਿਸਤਾਨ ਵਲੋਂ ਗਵਾਦਰ-ਗਬਦ, ਕਰਾਚੀ/ਪੋਰਟ ਕਾਸਿਮ-ਲਿਆਰੀ-ਓਰਮਾਰਾ-ਪਸਨੀ-ਗਬਦ, ਕਰਾਚੀ/ਪੋਰਟ ਕਾਸਿਮ-ਖੁਜ਼ਦਾਰ-ਦਲਬੰਦੀਨ-ਤਾਫ਼ਤਾਨ, ਗਵਾਦਰ–ਤੁਰਬਤ–ਹੋਸ਼ਾਬ–ਪੰਜਗੁਰ–ਨਾਗ–ਬੇਸੀਮਾ–ਖੁਜ਼ਦਾਰ–ਕੋਇਟਾਹ-ਲਖਪਾਸ–ਦਲਬੰਦਿਨ–ਨੋਕੁੰਡੀ–ਤਾਫਤਾਨ, ਗਵਾਦਰ–ਲਿਆਰੀ–ਖੁਜ਼ਦਾਰ–ਕੋਇਟਾ-ਲਖਪਾਸ–ਦਲਬੰਦੀਨ–ਨੋਕੁੰਡੀ–ਤਾਫ਼ਤਾਨ, ਕਰਾਚੀ/ਪੋਰਟ ਕਾਸਿਮ-ਗਵਾਦਰ-ਗਬਦ ਛੇ ਜ਼ਮੀਨੀ ਰਸਤੇ ਖੋਲ੍ਹੇ ਗਏ ਹਨ | ਇਹ ਰਸਤੇ ਪਾਕਿ ਦੀ ਗਵਾਦਰ ਬੰਦਰਗਾਹ ਅਤੇ ਪੋਰਟ ਕਾਸਿਮ ਵਰਗੀਆਂ ਪ੍ਰਮੁੱਖ ਬੰਦਰਗਾਹਾਂ ਨੂੰ ਤਾਫ਼ਤਾਨ ਬਾਰਡਰ ਕਰਾਸਿੰਗ ਅਤੇ ਗਬਦ ਵਰਗੀਆਂ ਸਰਹੱਦੀ ਚੌਕੀਆਂ ਨਾਲ ਜੋੜਦੇ ਹਨ, ਜਿਸ ਨਾਲ ਇਰਾਨ ਤੱਕ ਜ਼ਮੀਨੀ ਪਹੁੰਚ ਸੰਭਵ ਹੁੰਦੀ ਹੈ | ਪਾਕਿਸਤਾਨ ਅਤੇ ਈਰਾਨ ਇਕ ਦੂਜੇ ਨਾਲ 900 ਕਿੱਲੋਮੀਟਰ ਤੋਂ ਵੱਧ ਲੰਬੀ ਸਰਹੱਦ ਸਾਂਝੀ ਕਰਦੇ ਹਨ | ਇਨ੍ਹਾਂ ਰੂਟਾਂ ਰਾਹੀਂ ਫਸੇ ਹੋਏ ਕੰਟੇਨਰਾਂ ਨੂੰ ਸੜਕ ਰਸਤੇ ਈਰਾਨ ਭੇਜਿਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂ 'ਚ ਆਪਣੀ ਜਲ ਸੈਨਾ ਰਾਹੀਂ ਨਾਕਾਬੰਦੀ ਲਾਗੂ ਕਰਕੇ ਈਰਾਨ ਦੇ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਅਮਰੀਕੀ ਜਲ ਸੈਨਾ ਈਰਾਨੀ ਬੰਦਰਗਾਹਾਂ ਲਈ ਜਾਣ ਵਾਲੇ ਜਹਾਜ਼ਾਂ ਨੂੰ ਹੋਰਮੁਜ਼ 'ਚੋਂ ਲੰਘਣ ਤੋਂ ਰੋਕ ਰਹੀ ਹੈ | ਹੋਰਮੁਜ਼ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਜਹਾਜ਼ ਨੂੰ ਹਮਲੇ ਅਤੇ ਜ਼ਬਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਨਾਲ ਨਾ ਸਿਰਫ਼ ਈਰਾਨ ਦੇ ਆਯਾਤ 'ਚ ਵਿਘਨ ਪਿਆ ਹੈ ਬਲਕਿ ਵਿਸ਼ਵ ਬਾਜ਼ਾਰਾਂ ਤੱਕ ਇਸ ਦੀ ਪਹੁੰਚ ਵੀ ਸੀਮਤ ਹੋ ਗਈ ਹੈ | ਇਸ ਦੌਰਾਨ ਪਾਕਿ ਨੇ ਆਪਣੇ ਛੇ ਮੁੱਖ ਜ਼ਮੀਨੀ ਵਪਾਰਕ ਰੂਟ ਖੋਲ੍ਹ ਕੇ ਇਕ ਰਣਨੀਤਕ ਕਦਮ ਚੁੱਕਦਿਆਂ ਟਰੰਪ ਦੀ ਨਾਕਾਬੰਦੀ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ | ਪਾਕਿਸਤਾਨ ਨੇ ਇਨ੍ਹਾਂ ਰੂਟਾਂ ਨੂੰ ਖੋਲ੍ਹ ਕੇ ਈਰਾਨ ਤੱਕ ਸਾਮਾਨ ਪਹੁੰਚਾਉਣ ਲਈ ਇਕ ਬਦਲਵਾਂ ਗਲਿਆਰਾ ਤਿਆਰ ਕਰ ਦਿੱਤਾ ਹੈ | ਖਾੜੀ ਖੇਤਰ 'ਚ ਵਧਦੇ ਤਣਾਅ ਅਤੇ ਪਾਬੰਦੀਆਂ ਕਾਰਨ ਈਰਾਨ ਜਾਣ ਵਾਲੇ 3,000 ਤੋਂ ਵੱਧ ਕੰਟੇਨਰ ਕਰਾਚੀ ਸਮੇਤ ਪਾਕਿਸਤਾਨੀ ਬੰਦਰਗਾਹਾਂ 'ਤੇ ਫਸੇ ਹੋਏ ਸਨ, ਜਿਨ੍ਹਾਂ ਨੂੰ ਹੁਣ ਸੜਕ ਰਾਹੀਂ ਭੇਜਿਆ ਜਾ ਰਿਹਾ ਹੈ | ਇਹ ਫ਼ੈਸਲਾ ਪਾਕਿ ਦੇ ਵਣਜ ਮੰਤਰਾਲੇ ਦੁਆਰਾ ਜਾਰੀ ਇਕ ਕਾਨੂੰਨੀ ਰੈਗੂਲੇਟਰੀ ਆਦੇਸ਼ ਦੇ ਬਾਅਦ ਲਿਆ ਗਿਆ ਹੈ, ਜੋ ਕਿ ਪਾਕਿਸਤਾਨ ਰਾਹੀਂ ਈਰਾਨ ਨੂੰ ਤੀਜੇ ਦੇਸ਼ ਦੇ ਸਾਮਾਨ ਦੀ ਆਵਾਜਾਈ ਲਈ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ | ਇਸ 'ਚ ਕਸਟਮ ਗਾਰੰਟੀ ਦੇ ਤਹਿਤ ਕਾਰਗੋ ਆਵਾਜਾਈ ਦੀ ਆਗਿਆ ਦਿੱਤੀ ਗਈ ਹੈ | ਮਾਹਿਰਾਂ ਦੇ ਅਨੁਸਾਰ ਪਾਕਿ ਦਾ ਇਹ ਕਦਮ ਉਸ ਦੀਆਂ ਆਪਣੀਆਂ ਆਰਥਿਕ ਜ਼ਰੂਰਤਾਂ ਅਤੇ ਈਰਾਨ ਨਾਲ ਅਮਰੀਕੀ ਪ੍ਰਭਾਵ ਵਿਚਕਾਰ ਰਣਨੀਤਕ ਸੰਤੁਲਨ ਬਣਾਉਣ ਲਈ ਜ਼ਰੂਰੀ ਹੈ | ਇਸ ਨਾਲ ਖੇਤਰੀ ਵਪਾਰ ਅਤੇ ਸੰਪਰਕ ਨੂੰ ਹੁਲਾਰਾ ਮਿਲੇਗਾ, ਜਦੋਂ ਕਿ ਗਵਾਦਰ ਬੰਦਰਗਾਹ ਦੀ ਵਧਦੀ ਵਰਤੋਂ ਚੀਨ ਸਮਰਥਿਤ ਪ੍ਰੋਜੈਕਟਾਂ ਨੂੰ ਵੀ ਮਜ਼ਬੂਤ ਕਰੇਗੀ | ਪਾਕਿ ਦੇ ਇਹ ਜ਼ਮੀਨੀ ਰਸਤੇ ਈਰਾਨ ਜਾਣ ਵਾਲੇ ਸਮੁੰਦਰੀ ਰਸਤੇ ਬੰਦ ਹੋਣ 'ਤੇ ਆਰਥਿਕ ਰਾਹਤ ਦਾ ਸਰੋਤ ਬਣ ਗਏ ਹਨ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਡਰ 17 ਜ਼ਿਲ੍ਹਾ ਤਲਵਾਰਬਾਜ਼ੀ ਚੈਂਪੀਅਨਸ਼ਿਪ ਕਰਵਾਈ <br/> ਅਗਲੀ ਖ਼ਬਰ 28 ਮਹੀਨੇ ਤੋਂ ਚੱਲ ਰਹੇ ਰੀਗੋ ਪੁਲ ਦੇ ਨਿਰਮਾਣ ਕਾਰਜ ਨੂੰ ਜਲਦੀ ਕੀਤਾ ਜਾਵੇ ਮੁਕੰਮਲ: ਵਪਾਰ ਮੰਡਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।