ਅੰਮਿ੍ਤਸਰ, 29 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਤਲਵਾਰਬਾਜ਼ੀ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਅੰਡਰ 17 ਲੜਕੇ ਅਤੇ ਲੜਕੀਆਂ ਦੀ ਜ਼ਿਲ੍ਹਾ ਤਲਵਾਰਬਾਜ਼ੀ ਚੈਂਪੀਅਨਸ਼ਿਪ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਢਿੱਲੋਂ, ਜਨਰਲ ਸੈਕਟਰੀ ਪ੍ਰੋ: ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਧੰਨਜੀਤ ਸਿੰਘ ਰਾਜਾਜੰਗ, ਹਜੂਰਾ ਸਿੰਘ ਰੰਧਾਵਾ ਅਤੇ ਬਿਅੰਤ ਸਿੰਘ ਦੀ ਨਿਗਰਾਨੀ ਤੋਂ ਇਲਾਵਾ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਜਿੰਮੀ ਢਿੱਲੋਂ ਅਤੇ ਫੈਂਸਿੰਗ ਕੋਚ ਸ਼ੰਮੀਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਈ ਗਈ | ਜ਼ਿਲ੍ਹਾ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਪ੍ਰੋ: ਨਿਰਮਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਖਿਡਾਰੀ ਅਤੇ ਖਿਡਾਰਨਾਂ ਦੇ ਇਪੀ, ਫਾਇਲ ਅਤੇ ਸੈਬਰ ਦੇ ਮੁਕਾਬਲੇ ਇਲੈਕਟਿ੍ਕ ਪਿਸਟੇ ਉਪਰ ਕੋਚ ਬਲਹਾਰ ਸਿੰਘ ਰੰਧਾਵਾ, ਟੀਚਰ ਨਿਰਮਲ ਸਿੰਘ ਆਦਿ ਦੁਆਰਾ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੈਂਪੀਅਨਸ਼ਿਪ ਵਿਚ ਜੇਤੂ ਲੜਕੇ ਅਤੇ ਲੜਕੀਆਂ 1 ਮਈ ਤੋਂ 3 ਮਈ ਤਕ ਸੰਗਰੂਰ ਵਿਖੇ ਹੋ ਰਹੀ ਪੰਜਾਬ ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿਚ ਭਾਗ ਲੈਣਗੀਆਂ | ਜ਼ਿਲ੍ਹਾ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿਚ ਲੜਕੀਆਂ ਦੇ ਫੌਇਲ ਮੁਕਾਬਲਿਆਂ 'ਚ ਸੀਰਤ ਕੌਰ ਨੇ ਪਹਿਲਾ, ਸਮਰੀਤ ਕੌਰ ਨੇ ਦੂਸਰਾ ਅਤੇ ਅਮਰੀਤ ਕੌਰ ਨੇ ਤੀਸਰਾ, ਇਪੀ ਈਵੈਂਟ 'ਚ ਗੁਰਮਨ ਕੌਰ ਨੇ ਪਹਿਲਾ, ਮਹਿਕਪ੍ਰੀਤ ਕੌਰ ਨੇ ਦੂਸਰਾ ਅਤੇ ਏਕਮਨੂਰ ਕੌਰ ਨੇ ਤੀਸਰਾ, ਸੈਬਰ 'ਚ ਤਨੀਸ਼ਕਾ ਸ਼ਰਮਾ ਨੇ ਪਹਿਲਾ, ਪਰੀਸਾ ਨੇ ਦੂਸਰਾ ਅਤੇ ਓਜਸਵੀ ਨੇ ਤੀਸਰਾ ਸਥਾਨ ਹਾਸਿਲ ਕੀਤਾ | ਲੜਕਿਆਂ 'ਚੋਂ ਫੌਇਲ ਈਵੈਂਟ ਵਿਚ ਗੁਰੀਸ ਪਹਿਲੇ, ਹਰਕੀਰਤ ਸਿੰਘ ਦੂਸਰੇ, ਤੇਜ਼ਸ ਤੀਸਰੇ ਅਤੇ ਪ੍ਰਭਜੋਤ ਸਿੰਘ ਚੌਥੇ, ਇਪੀ 'ਚ ਯੁਵਰਾਜ ਸਿੰਘ ਪਹਿਲੇ, ਧਰਮਵੀਰ ਸਿੰਘ ਦੂਸਰੇ, ਸਮਰੱਥ ਗੋਧਰਾ ਤੀਸਰੇ ਅਤੇ ਅਗੰਮਜੋਤ ਸਿੰਘ ਰੰਧਾਵਾ ਚੌਥੇ, ਸੈਬਰ ਈਵੈਂਟ 'ਚ ਅਚਲੇਸ਼ਵਰ ਸ਼ਰਮਾ ਪਹਿਲੇ, ਏਕਮਪ੍ਰੀਤ ਸਿੰਘ ਦੂਸਰੇ, ਰਣਵਿਜੈ ਸਿੰਘ ਤੀਸਰੇ ਅਤੇ ਜਸਕੀਰਤ ਸਿੰਘ ਨੇ ਚੌਥੇ ਸਥਾਨ 'ਤੇ ਰਹੇ | ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |