ਅੰਮਿ੍ਤਸਰ, 29 ਅਪ੍ਰੈਲ (ਰੇਸ਼ਮ ਸਿੰਘ)-ਕਾਂਗਰਸ ਅੰਦਰ ਇਕ ਦੂਜੇ ਖ਼ਿਲਾਫ਼ ਚਲ ਰਹੀ ਦੂਸ਼ਣਬਾਜ਼ੀ ਤਹਿਤ ਅੱਜ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਆਜ਼ਾਦ ਨੇ ਆਪਣੀ ਹੀ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਕੀਤੀਆਂ ਜਾਤੀ ਭੇਦ ਭਾਵ ਵਾਲੀਆਂ ਕਥਿਤ ਟਿਪਣੀਆਂ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸੰਬੰਧੀ ਬਕਾਇਦਾ ਕੌਮੀ ਪ੍ਰਧਾਨ ਸ੍ਰੀ ਮਲਿਕ ਅਰਜ਼ਨ ਖੜਗੇ ਨੂੰ ਵੀ ਪੱਤਰ ਲਿਖਿਆ ਹੈ | ਅੱਜ ਇੱਥੇ ਕਰਵਾਏ ਪੱਤਰਕਾਰ ਸੰਮੇਲਨ 'ਚ ਸ: ਆਜ਼ਾਦ ਨੇ ਕਿਹਾ ਕਿ ਉਹ ਦਲਿਤਾਂ ਖ਼ਿਲਾਫ਼ ਪਹਿਲਾਂ ਵੀ ਆਵਾਜ ਚੁੁਕਦੇ ਰਹੇ ਹਨ ਅਤੇ ਹਰ ਕੁਰਬਾਨੀ ਕਰਨ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਆਵਾਜ਼ ਨੂੰ ਕਾਂਗਰਸੀ ਆਗੂ ਦਬਾ ਨਹੀਂ ਸਕਦੇ ਤੇ ਪਾਰਟੀ 'ਚੋਂ ਕੱਢ ਸਕਦੇ ਹਨ | ਉਨ੍ਹਾਂ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਜੋ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਸਮੇਂ ਕਾਂਗਰਸ ਦੇ ਸੀਨੀਅਰ ਆਗੂ ਸਨ ਤੇ ਉਨ੍ਹਾਂ ਦਲਿਤ ਨੂੰ ਮੌੱਖ ਮੰਤਰੀ ਬਣਾਏ ਜਾਣ 'ਤੇ ਬਹੁਤ ਹੀ ਘਟੀਆ ਕਿਸਮ ਦੀ ਟਿੱਪਣੀ ਕੀਤੀ ਸੀ | ਇਸ ਘਟਨਾ ਖ਼ਿਲਾਫ਼ ਪੂਰੇ ਰਾਜ 'ਚ ਉਨ੍ਹਾਂ ਮੁਹਿੰਮ ਛੇੜੀ ਸੀ | ਇਸ ਉਪਰੰਤ ਤਰਨ ਤਾਰਨ ਦੀ ਜ਼ਿਮਨੀ ਚੋਣ ਵੇਲੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਾਬਕਾ ਗ੍ਰਹਿ ਮੰਤਰੀ ਤੇ ਮਰਹੂਮ ਆਗੂ ਬੂਟਾ ਸਿੰਘ ਬਾਰੇ ਬਹੁਤ ਹੀ ਘਟੀਆ ਟਿੱਪਣੀਆਂ ਕੀਤੀਆਂ ਸਨ ਜੋ ਕਿ ਜਾਤੀ ਭੇਦ ਭਾਵ ਦੇ ਵਿਤਕਰੇ ਵਾਲੀਆਂ ਸਨ | ਇਨ੍ਹਾਂ ਦੋਵਾਂ ਆਗੂਆਂ ਖ਼ਿਲਾਫ਼ ਹਾਲੇ ਤੱਕ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਕਾਂਗਰ ਪਾਰਟੀ 'ਚ ਵਿਤਕਰਾ ਤੇ ਭੇਦ ਭਾਵ ਹਾਲੇ ਵੀ ਬਰਕਰਾਰ ਹੈ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਇਨ੍ਹਾਂ ਖ਼ਿਲਾਫ਼ ਪੂਰੇ ਰਾਜ ਭਰ 'ਚ ਮੁਹਿੰਮ ਸ਼ੁਰੂ ਕਰਨਗੇ |