ਅੰਮਿ੍ਤਸਰ, 30 ਅਪ੍ਰੈਲ (ਰੇਸ਼ਮ ਸਿੰਘ)-ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮਾਂ ਨੂੰ 4.108 ਕਿਲੋਗ੍ਰਾਮ ਹੈਰੋਇਨ ਅਤੇ 4 ਅਤਿ ਆਧੁਨਿਕ ਪਿਸਤੌਲਾਂ ਸਮੇਤ ਗਿ੍ਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ | ਇਹ ਜਾਣਕਾਰੀ ਅੱਜ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ (21) ਵਾਸੀ ਪਿੰਡ ਲਹੂਕਾ ਅਤੇ ਤਰਸੇਮ ਸਿੰਘ ਉਰਫ਼ ਕੈਰੋਂ ਉਰਫ਼ ਪਹਿਲਵਾਨ (31) ਵਾਸੀ ਮੁਹੱਲਾ ਜਸਵੰਤ ਸਿੰਘ ਨਗਰ ਦੋਵੇਂ ਤਰਨ ਤਾਰਨ ਵਜੋਂ ਹੋਈ ਹੈ | ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਦੋ 9 ਐਮਐਮ ਗਲੌਕ (ਆਸਟਰੀਆ ਦੇ ਬਣੇ ਹੋਏ) ਅਤੇ ਦੋ .30 ਬੋਰ ਦੇ ਪਿਸਤੌਲ (ਚੀਨ ਦੇ ਬਣੇ ਹੋਏ) ਅਤੇ ਪੰਜ ਜ਼ਿੰਦਾ ਕਾਰਤੂਸ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿਚ ਸਨ | ਉਨ੍ਹਾਂ ਦੱਸਿਆ ਕਿ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਡਰੋਨ ਰਾਹੀਂ ਭੇਜੀ ਜਾਂਦੀ ਸੀ ਜਿਸ ਨੂੰ ਬਾਅਦ ਵਿਚ ਉਕਤ ਮੁਲਜ਼ਮਾਂ ਵਲੋਂ ਪ੍ਰਾਪਤ ਕਰਕੇ ਅੱਗੇ ਸਪਲਾਈ ਕੀਤਾ ਜਾਂਦਾ ਸੀ | ਸੀ.ਪੀ. ਸ: ਭੁੱਲਰ ਨੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ, ਮੁਲਜ਼ਮ ਅਰਸ਼ਦੀਪ ਉਰਫ਼ ਅਰਸ਼ ਨੂੰ 2.6 ਕਿੱਲੋਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਮਾਮਲੇ 'ਚ ਅਗਲੇਰੀ ਕਾਰਵਾਈ ਦੌਰਾਨ ਅਤੇ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿੱਛ ਉਪਰੰਤ ਸਹਿ-ਮੁਲਜ਼ਮ ਤਰਸੇਮ ਉਰਫ਼ ਕੈਰੋਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ 'ਚੋਂ 1.5 ਕਿਲੋਗ੍ਰਾਮ ਹੈਰੋਇਨ ਅਤੇ ਚਾਰ ਪਿਸਤੌਲ ਬਰਾਮਦ ਕੀਤੇ ਗਏ | ਜਾਂਚ ਮੁਤਾਬਕ ਗਿ੍ਫਤਾਰ ਕੀਤੇ ਤਰਸੇਮ ਉਰਫ਼ ਕੈਰੋਂ ਵਿਰੁੱਧ ਐਨਡੀਪੀਐਸ ਐਕਟ, ਅਸਲਾ ਐਕਟ, ਜੇਲ੍ਹ ਐਕਟ ਅਤੇ ਇਰਾਦਾ ਕਤਲ ਤਹਿਤ 16 ਮਾਮਲੇ ਦਰਜ ਹਨ ਅਤੇ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਕਿ੍ਸ਼ਨ ਜੰਡਿਆਲਾ ਜੋ ਇਸ ਸਮੇਂ ਵਿਦੇਸ਼ 'ਚ ਰਹਿ ਰਿਹਾ ਹੈ ਦਾ ਸਾਥੀ ਹੈ ਅਤੇ ਇਹ ਵੀ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਗੁਰਪ੍ਰੀਤ ਉਰਫ਼ ਕਿ੍ਸ਼ਨ ਜੰਡਿਆਲਾ ਨੇ ਤਰਸੇਮ ਨੂੰ ਜਾਅਲੀ ਪਾਸਪੋਰਟ ਬਣਵਾਉਣ ਅਤੇ ਉਸਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਆਪਣੇ ਲਈ ਕੰਮ ਕਰਨ ਲਈ ਕਿਹਾ ਸੀ | ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ. ਜੇ.ਐੱਸ. ਸੰਧੂ , ਏ.ਸੀ.ਪੀ. ਹਰਮਿੰਦਰ ਸਿੰਘ ਤੇ ਐਂਟੀ ਗੈਂਗਸਟਟਰ ਸੈੱਲ ਤੋਂ ਸਬ ਇੰਸ: ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼
ਅਜੀਤ ਡੈਸਕ
01-05-2026