ਅੰਮਿ੍ਤਸਰ, 30 ਅਪ੍ਰੈਲ (ਸੁਰਿੰਦਰ ਕੋਛੜ)-ਦੇਸ਼ ਭਰ ਦੇ ਕੈਮਿਸਟਾਂ ਵਲੋਂ 20 ਮਈ ਨੂੰ ਕੀਤੀ ਜਾ ਰਹੀ ਹੜਤਾਲ ਦੇ ਸੰਬੰਧ 'ਚ ਸੂਬਾਈ ਪੱਧਰੀ ਬੈਠਕ 3 ਮਈ ਨੂੰ ਲੁਧਿਆਣਾ 'ਚ ਕੀਤੀ ਜਾ ਰਹੀ ਹੈ | ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਨਾਲ ਸੰਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਕੈਮਿਸਟ 15 ਮਈ ਤੋਂ 20 ਮਈ ਤੱਕ ਕਾਲੇ ਬਿੱਲੇ ਲਗਾ ਕੇ ਆਪਣਾ ਕੰਮ-ਕਾਰ ਕਰਨਗੇ | ਇਸ ਦੌਰਾਨ 19 ਮਈ ਦੀ ਰਾਤ ਅਤੇ 20 ਮਈ ਨੂੰ ਸਾਰਾ ਦਿਨ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ | ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ ਆਨਲਾਈਨ ਫਾਰਮੇਸੀਆਂ ਅਤੇ ਵੱਡੇ ਸਟੋਰ ਭਾਰੀ ਛੋਟਾਂ ਦੇ ਕੇ ਉਨ੍ਹਾਂ ਕੀਮਤਾਂ 'ਚ ਦਵਾਈਆਂ ਵੇਚ ਰਹੇ ਹਨ ਜਿਸ ਭਾਅ 'ਤੇ ਆਮ ਪ੍ਰਚੂਨ ਵਿਕਰੇਤਾ ਨੂੰ ਵੀ ਨਹੀਂ ਮਿਲ ਰਹੀਆਂ | ਉਨ੍ਹਾਂ ਕਿਹਾ ਕਿ ਇਹ ਵੱਡੀਆਂ ਕੰਪਨੀਆਂ ਮੁਕਾਬਲੇਬਾਜ਼ੀ ਐਕਟ 2002 ਅਤੇ ਫਾਰਮੇਸੀ ਪ੍ਰੈਕਟਿਸ ਰੈਗੂਲੇਸ਼ਨ ਸਮੇਤ ਕਈ ਪ੍ਰਬੰਧਾਂ ਦੀ ਉਲੰਘਣਾ ਕਰਕੇ ਛੋਟੇ ਕਾਰੋਬਾਰੀਆਂ ਨਾਲ ਗੈਰ-ਵਾਜਬ ਮੁਕਾਬਲਾ ਕਰ ਰਹੀਆਂ ਹਨ |