ਅੰਮਿ੍ਤਸਰ, 30 ਅਪ੍ਰੈਲ (ਹਰਮਿੰਦਰ ਸਿੰਘ)-ਪੰਜ-ਆਬ ਦੀ ਧਰਤੀ ਜਿਸ ਦਾ ਪਾਣੀ ਕਿਸੇ ਵੇਲੇ ਅੰਮਿ੍ਤ ਵਰਗਾ ਮਿੱਠਾ ਅਤੇ ਸਿਹਤਯਾਬ ਕਰਨ ਵਾਲਾ ਹੋਇਆ ਕਰਦਾ ਸੀ, ਪਰ ਸਰਕਾਰਾਂ ਅਤੇ ਕੁਝ ਅਧਿਕਾਰੀਆਂ ਦੀ ਨਜ਼ਰ ਅੰਦਾਜ਼ੀ ਕਾਰਨ ਅੱਜ ਇਹ ਪੰਜਾਬ ਦਾ ਪਾਣੀ ਗੰਦਲਾ ਹੋ ਰਿਹਾ ਹੈ | ਜਿਸ 'ਚ ਰਸਾਇਣੀ ਜ਼ਹਿਰ ਮਿਲ ਕੇ ਆ ਰਿਹਾ ਹੈ ਜੋ ਕੈਂਸਰ ਸਮੇਤ ਕਈ ਭਿਆਨਕ ਬਿਮਾਰੀਆਂ ਰਾਹੀਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਲੈ ਕੇ ਜਾ ਰਿਹਾ ਹੈ | ਅੰਮਿ੍ਤਸਰ ਦੇ ਬਾਹਰਵਾਰ ਵਹਿੰਦਾ ਹੈ ਤੁੰਗ ਢਾਬ ਡਰੇਨ ਜਿਸ 'ਚੋਂ ਨਿਕਲਦੇ ਰਸਾਇਣ ਮਿਲੇ ਪਾਣੀ ਨੇ ਨਾਲੇ ਦੇ ਆਲ਼ੇ ਦੁਆਲੇ ਦੇ ਹਜ਼ਾਰਾਂ ਕਿੱਲੋਮੀਟਰ ਘੇਰੇ ਦੇ ਪਾਣੀ ਨੂੰ ਦੂਸ਼ਿਤ ਅਤੇ ਜ਼ਹਿਰੀਲਾ ਕਰ ਦਿੱਤਾ ਹੈ ਜੋ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੈ | ਇਹ ਮਾਮਲਾ ਭਾਰਤੀ ਸੰਸਦ ਤੋਂ ਇਲਾਵਾ ਕੌਮਾਂਤਰੀ ਤੌਰ 'ਤੇ ਯੂ. ਐੱਨ. ਓ. ਤੱਕ ਉੱਠਿਆ ਸੀ ਪਰ ਅਜੇ ਵੀ ਗੂੜ੍ਹੀ ਨੀਂਦ ਸੁੱਤੇ ਸਰਕਾਰਾਂ ਦੀ ਨੁਮਾਇੰਦਿਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਜਾਗ ਨਹੀਂ ਖੁੱਲ੍ਹੀ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਲੋਕ ਕਿਸੇ ਵੱਡੀ ਮਹਾਂਮਾਰੀ ਦਾ ਇੰਤਜ਼ਾਰ ਕਰ ਰਹੇ ਹਨ | ਤੁੰਗ ਢਾਬ ਡਰੇਨ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਨਾਲਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਾਰਥ ਤੋਂ ਸ਼ੁਰੂ ਹੋ ਕੇ ਅੰਮਿ੍ਤਸਰ ਦੇ ਵੱਖ ਵੱਖ ਇਲਾਕਿਆਂ ਅਤੇ ਇੱਥੋਂ ਤੱਕ ਨਗਰ ਨਿਗਮ ਦੀ ਹਦੂਦ ਅੰਦਰੋਂ ਦੀ ਹੋ ਕੇ ਹਡਿਆਲਾ ਡਰੇਨ (ਕਾਲੀ ਰੋਹੀ) ਰਾਹੀਂ ਪਾਕਿਸਤਾਨ 'ਚ ਦਾਖਲ ਹੁੰਦਾ ਹੈ | ਕਿਸੇ ਵੇਲੇ ਇਸ ਨਾਲੇ ਨੂੰ ਬਰਸਾਤੀ ਪਾਣੀ ਦੀ ਮਾਰ ਦੀ ਰੋਕਥਾਮ ਲਈ ਬਰਸਾਤੀ ਨਾਲੇ ਵਜੋਂ ਹੋਂਦ 'ਚ ਲਿਆਂਦਾ ਗਿਆ ਸੀ ਪਰ ਅੱਜ ਇਸ ਨਾਲੇ 'ਚ ਨਗਰ ਨਿਗਮ ਦੇ ਕੁਝ ਇਲਾਕਿਆਂ ਤੋਂ ਇਲਾਵਾ ਕਈ ਪਿੰਡਾਂ ਦੀਆਂ ਡੇਅਰੀਆਂ ਅਤੇ ਬਹੁਤ ਸਾਰੀਆਂ ਫ਼ੈਕਟਰੀਆਂ ਦੇ ਰਸਾਇਣ ਮਿਲੇ ਪਾਣੀ ਨੇ ਇਸ ਨੂੰ ਗੰਦਾ ਨਾਲਾ ਬਣਾ ਕੇ ਰੱਖ ਦਿੱਤਾ ਹੈ | ਇਹ ਨਾਲਾ ਜ਼ਮੀਨੀ ਤੌਰ 'ਤੇ ਕੱਚਾ ਹੋਣ ਕਰਕੇ ਨਾਲੇ 'ਚੋਂ ਨਿਕਲਦਾ ਗੰਦਲਾ ਪਾਣੀ ਜ਼ਮੀਨ ਹੇਠਲੇ ਪਾਣੀ ਨੂੰ ਗੰਦਲਾ ਕਰ ਰਿਹਾ ਹੈ | ਇਸ ਦੇ ਨਾਲ ਹੀ ਨਾਲੇ ਦੇ ਗੰਦੇ ਪਾਣੀ ਕਾਰਨ ਮੀਥੇਨ ਅਤੇ ਸਲਫ਼ਰ ਡਾਇਕਸਾਈਡ ਗੈਸ ਬਣਨ ਕਾਰਨ ਇਸ ਦੀ ਬਦਬੂ ਦੂਰ-ਦੂਰ ਤੱਕ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰਦੀ ਹੈ | ਜਿਸ ਕਾਰਨ ਲੋਕ ਕੈਂਸਰ, ਜਿਗਰ, ਸਾਹ, ਚਮੜੀ ਸਮੇਤ ਕਈ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਨਾਲੇ ਦੇ ਦੂਰ-ਦੂਰ ਤੱਕ ਦੇ ਘੇਰੇ ਦਾ ਜ਼ਮੀਨ ਹੇਠਲਾ ਪਾਣੀ ਅਤੇ ਵਾਤਾਵਰਨ 'ਚ ਹਵਾ ਇਸ ਕਦਰ ਜ਼ਹਿਰੀਲੀ ਹੋ ਗਈ ਕਿ ਲੋਕਾਂ ਦੇ ਘਰਾਂ ਦੇ ਉਪਕਰਨ ਖ਼ਰਾਬ ਹੋ ਜਾਂਦੇ ਹਨ | ਇਸ ਦੇ ਪ੍ਰਭਾਵ ਹੇਠ ਆਉਣ ਵਾਲੇ ਘਰਾਂ, ਦਫ਼ਤਰਾਂ 'ਚ ਲੱਗੇ ਏ.ਸੀ, ਫ਼ਰਿਜ, ਕੂਲਰ ਇਕ ਸਾਲ 'ਚ ਹੀ ਖ਼ਰਾਬ ਹੋ ਜਾਂਦੇ ਹਨ | ਇਸ ਨਾਲੇ 'ਚੋਂ ਨਿਕਲਣ ਵਾਲੇ ਪਾਣੀ ਸੰਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨਟਿਕ ਵਿਭਾਗ ਵਲੋਂ ਵੱਖ-ਵੱਖ ਜਗ੍ਹਾ ਤੋਂ ਨਮੂਨੇ ਲਏ ਜਿਸ ਨੇ ਆਪਣੀ ਰਿਪੋਰਟ 'ਚ ਪਾਣੀ ਨੂੰ ਬੇਹੱਦ ਜ਼ਹਿਰੀਲਾ ਦੱਸਿਆ ਗਿਆ ਸੀ | ਇਸ ਨਾਲੇ ਨੂੰ ਸੁਧਾਰਨ ਲਈ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਖ਼ਰਚ 'ਤੇ ਵਿਦੇਸ਼ ਤੋਂ ਮਾਹਿਰਾਂ ਦੀ ਟੀਮ ਸੱਦ ਕੇ ਨਾਲੇ ਦੀ ਸਫ਼ਾਈ ਸੰਬੰਧੀ ਮਸ਼ਵਰਾ ਕੀਤਾ ਸੀ ਪਰ ਮਾਹਿਰਾਂ ਨੇ ਨਾਲੇ 'ਚ ਮਿਲ ਕੇ ਆ ਕੇ ਰਸਾਇਣਾਂ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਨਾਲੇ ਦੀ ਸਫ਼ਾਈ ਨੂੰ ਲੈ ਕੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ | ਇਸ ਤੋਂ ਬਾਅਦ ਅੰਮਿ੍ਤਸਰ ਦੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਤੁੰਗ ਢਾਬ ਡਰੇਨ ਦਾ ਮਾਮਲਾ ਕਈ ਵਾਰ ਸੰਸਦ 'ਚ ਉਠਾਇਆ ਗਿਆ ਪਰ ਉਨ੍ਹਾਂ ਦੀ ਆਵਾਜ਼ ਵੀ ਸੰਸਦ ਦੀ ਚਾਰਦੀਵਾਰੀ ਅੰਦਰ ਹੀ ਰਹਿ ਗਈ | ਕੁਝ ਸਮਾਂ ਪਹਿਲਾਂ ਵੀ ਗੁਰਜੀਤ ਸਿੰਘ ਔਜਲਾ ਵਲੋਂ ਇਹ ਸਮੱਸਿਆ ਸੰਸਦ 'ਚ ਇਕ ਵਾਰ ਫਿਰ ਰੱਖਿਆ ਸੀ | ਪਰ ਅਜੇ ਤੱਕ ਉਸ ਦਾ ਸਰਕਾਰ ਵਲੋਂ ਕੋਈ ਹਾਂ ਪੱਖੀ ਜਵਾਬ ਸਾਹਮਣੇ ਨਹੀਂ ਆਇਆ | ਇਸ ਸਬੰਧੀ ਪ੍ਰਸਿੱਧ ਇਤਿਹਾਸਕਾਰ ਸੁਰਿੰਦਰ ਕੋਛੜ ਨੇ ਦੱਸਿਆ ਤੁੰਗ ਢਾਬ ਡਰੇਨ ਪਾਕਿਸਤਾਨ 'ਚ ਹੰਡਿਆਰਾ ਡਰੇਨ (ਕਾਲੀ ਰੋਹੀ) ਦਾਖਲ ਹੁੰਦੀ ਹੈ | ਜਿਸ ਦੇ ਪਾਣੀ ਦੇ ਮਾੜੇ ਪ੍ਰਭਾਵ ਕਾਰਨ ਕੁਝ ਸਾਲ ਪਹਿਲਾਂ ਪਾਕਿਸਤਾਨ ਦੇ ਪਿੰਡ ਪਡਾਣਾ ਅਤੇ ਇਸ ਨਾਲ ਲੱਗਦੇ ਕਈ ਸਰਹੱਦੀ ਇਲਾਕਿਆਂ 'ਚ ਮਹਾਂਮਾਰੀ ਵੀ ਫੈਲ ਚੁੱਕੀ ਹੈ | ਇਸ ਨਾਲੇ ਦਾ ਮਾਮਲਾ ਪਾਕਿਸਤਾਨ ਵਲੋਂ ਯੂ. ਐੱਨ. ਓ. ਤੱਕ ਪਹੁੰਚਾਇਆ ਗਿਆ ਸੀ |