10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਗਰ ਨਿਗਮ ਨੇ ਸੀਵਰੇਜ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ 6 ਨਵੀਆਂ ਸੈਕਸ਼ਨ-ਕਮ-ਜੈਟਿੰਗ ਮਸ਼ੀਨਾਂ ਕੀਤੀਆ ਸ਼ਾਮਿਲ

ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਹਰਮਿੰਦਰ ਸਿੰਘ)-ਮਾਨਸੂਨ ਦੇ ਸੀਜ਼ਨ ਤੋਂ ਪਹਿਲਾਂ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਦੀ ਕਾਰਜਕੁਸ਼ਲਤਾ 'ਚ ਸੁਧਾਰ ਕਰਨ ਵੱਲ ਇਕ ਅਹਿਮ ਕਦਮ ਚੁਕਦਿਆਂ ਨਗਰ ਨਿਗਮ ਨੇ ਅੱਜ ਆਪਣੇ ਬੇੜੇ 'ਚ ਛੇ ਨਵੀਆਂ ਸੀਵਰ ਸੈਕਸ਼ਨ-ਕਮ-ਜੈਟਿੰਗ ਮਸ਼ੀਨਾਂ ਨੂੰ ਸ਼ਾਮਿਲ ਕੀਤਾ | ਇਨ੍ਹਾਂ ਮਸ਼ੀਨਾਂ ਦਾ ਰਸਮੀ ਉਦਘਾਟਨ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਕੀਤਾ ਗਿਆ |
ਇਸ ਸੰਬੰਧੀ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਛੇ ਮਸ਼ੀਨਾਂ ਦੇ ਆਉਣ ਨਾਲ ਨਗਰ ਨਿਗਮ ਕੋਲ ਸੀਵਰ ਸਫਾਈ ਵਾਲੀਆਂ ਮਸ਼ੀਨਾਂ ਦੀ ਗਿਣਤੀ ਹੁਣ 18 ਹੋ ਗਈ ਹੈ | ਇਸ ਵਾਧੇ ਨਾਲ ਪੂਰੇ ਸ਼ਹਿਰ 'ਚ ਸੀਵਰੇਜ ਨਾਲ ਸੰਬੰਧਿਤ ਸਮੱਸਿਆਵਾਂ ਦਾ ਬਿਹਤਰ ਹੱਲ ਅਤੇ ਤੁਰੰਤ ਕਾਰਵਾਈ ਯਕੀਨੀ ਬਣੇਗੀ | ਤੈਨਾਤੀ ਯੋਜਨਾ ਅਨੁਸਾਰ, ਸਥਾਨਕ ਪੱਧਰ 'ਤੇ ਨਿਯਮਤ ਰੱਖ-ਰਖਾਅ ਅਤੇ ਕੁਸ਼ਲ ਸਫਾਈ ਕਾਰਜਾਂ ਲਈ ਹਰੇਕ ਹਲਕੇ ਨੂੰ ਤਿੰਨ ਮਸ਼ੀਨਾਂ ਅਲਾਟ ਕੀਤੀਆਂ ਜਾਣਗੀਆਂ | ਇਸ ਤੋਂ ਇਲਾਵਾ, ਤਿੰਨ ਮਸ਼ੀਨਾਂ ਵਿਸ਼ੇਸ਼ ਤੌਰ 'ਤੇ ਐਮਰਜੈਂਸੀ ਉਦੇਸ਼ਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਤਾਂ ਜੋ ਅਚਾਨਕ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਤੇਜ਼ੀ ਨਾਲ ਨਜਿੱਠਿਆ ਜਾ ਸਕੇ | ਇਸ ਦੌਰਾਨ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਕ ਮਹੀਨੇ ਦੇ ਅੰਦਰ ਸੀਵਰੇਜ ਪ੍ਰਣਾਲੀ ਦੀ ਮੁਕੰਮਲ ਸਫਾਈ ਅਤੇ ਡੀ-ਸਿਲਟਿੰਗ ਦਾ ਕੰਮ ਪੂਰਾ ਕਰ ਲਿਆ ਜਾਵੇਗਾ, ਤਾਂ ਜੋ ਬਾਰਸ਼ਾਂ ਦੌਰਾਨ ਪਾਣੀ ਦੇ ਭਰਾਅ ਨੂੰ ਰੋਕਿਆ ਜਾ ਸਕੇ | ਇਹ ਪਹਿਲਕਦਮੀ ਨਾਗਰਿਕ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਸਾਫ਼-ਸੁਥਰਾ ਸ਼ਹਿਰੀ ਵਾਤਾਵਰਨ ਯਕੀਨੀ ਬਣਾ ਕੇ ਜਨਤਕ ਸਿਹਤ ਦੀ ਰਾਖੀ ਲਈ ਨਗਰ ਨਿਗਮ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ | ਨਗਰ ਨਿਗਮ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੀਵਰ ਲਾਈਨਾਂ ਅਤੇ ਡਰੇਨਾਂ ਵਿਚ ਠੋਸ ਕੂੜਾ ਨਾ ਸੁੱਟ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨ |
ਪਿਛਲੀ ਖ਼ਬਰ ਇੰਟੈੱਕ ਪੰਜਾਬ ਵਲੋਂ ਮਨਾਈ ਗਈ ਹਰੀ ਸਿੰਘ ਨਲੂਆ ਦੀ ਬਰਸੀ ਅਗਲੀ ਖ਼ਬਰ ਮਲੇਰੀਆ ਅਤੇ ਡੇਂਗੂ ਸੰਬੰਧੀ ਜਾਗਰੂਕ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।