20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਰਸਿੰਗ ਕਿੱਤਾ ਸਿਹਤ ਸੰਭਾਲ ਸਿਸਟਮ ਦੀ ਸਭ ਤੋਂ ਮਹੱਤਵਪੂਰਨ ਕੜੀ ਤੇ ਨਰਸਿੰਗ ਦਿਵਸ ਮਨਾਉਣਾ ਨਰਸਾਂ ਦੀ ਸੇਵਾ ਨੂੰ ਸਨਮਾਨ ਦੇਣਾ-ਡਾ. ਰਾਜੀਵ ਸੂਦ

ਅਜੀਤ ਡੈਸਕ 13-05-2026

ਅੰਮ੍ਰਿਤਸਰ, 12 ਮਈ (ਜਸਵੰਤ ਸਿੰਘ ਜੱਸ)-ਵਿਸ਼ਵ ਨਰਸਿਜ ਦਿਵਸ 'ਤੇ ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਝਬਾਲ ਰੋਡ ਵਿਖੇ ਹੋਏ ਦੂਜੇ ਡਿਗਰੀ ਵੰਡ ਸਮਾਰੋਹ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਕਰੀਬ 80 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਸਮਾਰੋਹ ਵਿਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਰਾਜੀਵ ਸੂਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਉਕਤ 'ਵਰਸਿਟੀ ਦੇ ਕੋਆਰਡੀਨੇਟਰ ਡਾ. ਫ਼ਤਹਿ ਅਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਕਾਲਜ ਦੇ ਮੈਂਬਰ ਇੰਚਾਰਜ ਡਾ. ਅਮਰਜੀਤ ਸਿੰਘ ਨਾਗਪਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਡਿਗਰੀ ਵੰਡ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ। ਕਾਲਜ ਪ੍ਰਿੰਸੀਪਲ ਡਾ. ਯਸ਼ਪ੍ਰੀਤ ਕੌਰ ਨੇ ਕਾਲਜ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਵਿਕਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਕਾਲਜ ਦੇ ਚੇਅਰਮੈਨ ਡਾ. ਆਤਮਜੀਤ ਸਿੰਘ ਬਸਰਾ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਮੁੱਖ ਮਹਿਮਾਨ ਡਾ: ਰਾਜੀਵ ਸੂਦ ਨੇ ਦੀਵਾਨ ਵਲੋਂ ਸਿੱਖਿਆ ਅਤੇ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਨਰਸਿੰਗ ਪੇਸ਼ੇ ਨੂੰ ਸੇਵਾ, ਸਮਰਪਣ ਅਤੇ ਮਨੁੱਖਤਾ ਦੀ ਮਿਸਾਲ ਦੱਸਿਆ। ਉਨ੍ਹਾਂ ਅਜੋਕੇ ਏ.ਆਈ. ਯੁੱਗ ਵਿਚ ਵਿਦਿਆਰਥੀਆਂ ਨੂੰ ਸਮਾਰਟ ਨਰਸਿਜ਼ ਬਨਣ ਲਈ ਆਧੁਨਿਕ ਸਕਿੱਲ ਕੋਰਸ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਰਸਿੰਗ ਕਿੱਤਾ ਹੈਲਥ ਕੇਅਰ ਸਿਸਟਮ ਦੀ ਸਭ ਤੋਂ ਮਹੱਤਵਪੂਰਨ ਕੜੀ ਹੈ ਤੇ ਹਰ ਸਾਲ ਨਰਸਿੰਗ ਦਿਵਸ ਮਨਾਉਣਾ ਨਰਸਾਂ ਦੀ ਸੇਵਾ ਨੂੰ ਸਨਮਾਨ ਦੇਣਾ ਹੈ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਕਾਲਜ ਮੈਂਬਰ ਇੰਚਾਰਜ ਡਾ: ਐੱਚ. ਐੱਸ. ਨਾਗਪਾਲ ਹਰਤੇਜ ਹਸਪਤਾਲ, ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਤੇ ਜਗਜੀਤ ਸਿੰਘ ਅਤੇ ਐਡੀ. ਆਨਰੇਰੀ ਸਕੱਤਰ ਹਰਵਿੰਦਰ ਪਾਲ ਸਿੰਘ ਚੁੱਘ ਨੇ ਵੀ ਵਿਦਿਆਰਥੀਆਂ ਨੂੰ ਨਰਸਿੰਗ ਪੇਸ਼ੇ ਵਿਚ ਆਪਣੇ ਫਰਜ਼ ਇਮਾਨਦਾਰੀ ਅਤੇ ਨਿਸ਼ਕਾਮ ਭਾਵ ਨਾਲ ਨਿਭਾਉਣ ਦੀ ਪ੍ਰੇਰਨਾ ਦਿੱਤੀ। ਕਾਲਜ ਦੇ ਮੈਂਬਰ ਇੰਚਾਰਜ ਡਾ. ਐੱਚ. ਐੱਸ. ਨਾਗਪਾਲ, ਡਾ. ਅਮਰਜੀਤ ਸਿੰਘ ਨਾਗਪਾਲ ਅਤੇ ਡਾ. ਅਮਰਜੀਤ ਸਿੰਘ ਸਚਦੇਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੀਵਾਨ ਦੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਦੀਵਾਨ ਮੈਂਬਰ ਰਬਿੰਦਰਬੀਰ ਸਿੰਘ ਭੱਲਾ, ਏ.ਪੀ. ਐੱਸ. ਮਾਨ, ਲਖਵਿੰਦਰ ਸਿੰਘ ਢਿੱਲੋਂ, ਮੋਹਨਜੀਤ ਸਿੰਘ ਭੱਲਾ, ਸਰਜੋਤ ਸਿੰਘ ਸਾਹਨੀ, ਪ੍ਰਿੰਸੀਪਲ ਯਸ਼ਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਹੋਰ ਪ੍ਰਮੁੱਖ ਸ਼ਖ਼ਸੀਅਤਾਂ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

ਪਿਛਲੀ ਖ਼ਬਰ ਦਸਮੇਸ਼ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਵਿਧਾਇਕ ਪਰਾਸ਼ਰ ਵਲੋਂ ਵਿਜੇ ਨਗਰ ਵਿਖੇ ਸੜਕ ਨਿਰਮਾਣ ਪ੍ਰਾਜੈਕਟ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।