ਸੁਲਤਾਨਵਿੰਡ, 16 ਮਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਜਲੰਧਰ ਹਾਈਵੇ ਸਥਿਤ ਨਿਊ ਅੰਮਿ੍ਤਸਰ ਦੇ ਗੋਲਡਨ ਗੇਟ ਵਿਖੇ ਲੱਗੇ ਪੁਲਿਸ ਬੈਰੀਕੇਡ ਜਿੱਥੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉੱਥੇ ਹੀ ਗੁਰਧਾਮਾਂ ਲਈ ਦੇਸ਼ ਵਿਦੇਸ਼ ਤੋਂ ਆਉਂਦੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਰਾਹਗੀਰ ਭੁਪਿੰਦਰ ਸਿੰਘ, ਦਰਸ਼ਨ ਸਿੰਘ, ਬਲਕਾਰ ਸਿੰਘ, ਰਾਮ ਕੁਮਾਰ, ਤਰਸੇਮ ਸਿੰਘ, ਜਰਨੈਲ ਸਿੰਘ, ਟਹਿਲ ਸਿੰਘ, ਬੀਬੀ ਮਨਿੰਦਰ ਕੌਰ, ਕਮਲਜੀਤ ਕੌਰ, ਸਰਬਜੀਤ ਕੌਰ, ਨੀਸ਼ਾ ਰਾਣੀ ਆਦਿ ਨੇ ਕਿਹਾ ਕਿ ਨਿਊ ਅੰਮਿ੍ਤਸਰ ਦੇ ਗੋਲਡਨ ਗੇਟ 'ਤੇ ਪੁਲਿਸ ਵਲੋਂ ਚੈਕਿੰਗ ਲਈ ਲਗਾਏ ਗਏ ਬੈਰੀਕੇਡਾਂ ਨਾਲ ਪੱਕੇ ਤੌਰ 'ਤੇ ਰੱਖੇ ਗਏ ਹਨ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸੜਕ ਵਿਚ ਪਏ ਹੋਏ ਹਨ ਜਿਨ੍ਹਾਂ ਕਰਕੇ ਕਈ ਵਾਰ ਗੱਡੀਆਂ ਆਪਸ ਵਿਚ ਟਕਰਾਅ ਕੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ ਅਤੇ ਲੋਕਾਂ ਦੇ ਵਿਚ ਝਗੜਿਆਂ ਦਾ ਕਾਰਨ ਬਣ ਰਹੇ ਹਨ | ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਪ੍ਰਸ਼ਾਸਨ ਵਲੋਂ ਬੈਰੀਕੇਡ ਨਾਕੇ ਦੌਰਾਨ ਲਗਾਏ ਜਾਣ ਪ੍ਰੰਤੂ ਨਾਕੇ ਤੋਂ ਬਾਅਦ ਇਨ੍ਹਾਂ ਨੂੰ ਸੜਕ ਵਿਚੋਂ ਹਟਾ ਦੇਣਾ ਚਾਹੀਦਾ ਹੈ | ਇਸ ਤਰ੍ਹਾਂ ਸੜਕ ਵਿਚਕਾਰ ਪਏ ਬੈਰੀਕੇਡਾਂ ਦਾ ਕੋਈ ਫਾਇਦਾ ਨਹੀਂ ਹੈ, ਸਗੋਂ ਇਨ੍ਹਾਂ ਕਾਰਨ ਜਾਮ ਲੱਗਣ ਦੀ ਸਥਿਤੀ ਬਣੀ ਰਹਿੰਦੀ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਕਾਰਨ ਗੋਲਡਨ ਗੇਟ 'ਤੇ ਪਏ ਇਹ ਬੈਰੀਕੇਡ ਸੜਕ ਵਿਚੋਂ ਹਟਾਏ ਜਾਣ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ |