• ਸਰਕਾਰੀ ਪ੍ਰਚਾਰ ਦੀ ਘਾਟ ਬਣੀ ਅੜਿੱਕਾ • ਵਿਸ਼ਵ ਭਰ 'ਚ ਅੱਜ ਮਨਾਇਆ ਜਾ ਰਿਹਾ ਕੌਮਾਂਤਰੀ ਮਿਊਜ਼ੀਅਮ ਦਿਵਸ ਸ਼ਹਿਰ ਦੇ ਅਜਾਇਬ-ਘਰਾਂ 'ਤੇ ਕਰੋੜਾਂ ਖਰਚੇ ਜਾਣ ਦੇ ਬਾਵਜੂਦ ਨਹੀਂ ਆਬਾਦ ਹੋ ਸਕੀਆਂ ਰੌਣਕਾਂ
ਅਜੀਤ ਡੈਸਕ
18-05-2026
ਅੰਮਿ੍ਤਸਰ ਸ਼ਹਿਰ ਦੀ ਸੁਰੱਖਿਆ ਅਤੇ ਦੁਸ਼ਮਣ ਸੈਨਾਵਾਂ ਦੇ ਮੁਕਾਬਲੇ ਲਈ ਫ਼ੌਜੀ ਤਿਆਰੀਆਂ ਨੂੰ ਧਿਆਨ ਵਿਚ ਰੱਖਦਿਆਂ ਅੰਮਿ੍ਤਸਰ ਸ਼ਹਿਰ ਦੇ ਚੁਫੇਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਈ ਦੀਵਾਰ ਦੇ ਬਚੇ ਰਹਿ ਗਏ ਹਿੱਸੇ 'ਚ ਦਿੱਲੀ ਦੀ ਕਲਚਰਲ ਰਿਸੋਰਸ ਕੰਜ਼ਰਵੇਸ਼ਨ ਇਨੇਸ਼ਿਏਟਿਵ ਕੰਪਨੀ ਵਲੋਂ ਬਣਾਇਆ ਪੁਲਿਸ ਮਿਊਜ਼ੀਅਮ ਵੀ ਉਸਾਰੀ ਮੁਕੰਮਲ ਹੋਣ ਦੇ ਬਾਅਦ ਤੋਂ ਸੈਲਾਨੀਆਂ ਲਈ ਬੰਦ ਹੈ | ਇਸ 'ਚ ਅੰਗਰੇਜ਼ੀ ਸ਼ਾਸਨ ਸਮੇਂ ਸ਼ਹਿਰ ਦੇ ਨਾਮਵਰ ਕ੍ਰਾਂਤੀਕਾਰੀਆਂ ਸਮੇਤ ਹੋਰਨਾਂ ਮਹੱਤਵਪੂਰਨ ਲੋਕਾਂ ਵਿਰੁੱਧ ਦਰਜ ਕੀਤੀਆਂ ਐੱਫ. ਆਈ. ਆਰ., ਪੁਲਿਸ ਦੀਆਂ ਵਰਦੀਆਂ ਅਤੇ ਹੋਰ ਦਸਤਾਵੇਜ਼ ਪ੍ਰਦਰਸ਼ਨੀ ਹਿਤ ਰੱਖੇ ਜਾਣ ਦੀ ਯੋਜਨਾ ਸੀ | ਇਸ ਦੇ ਇਲਾਵਾ 'ਦ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ' ਦੁਆਰਾ ਅੰਮਿ੍ਤਸਰ ਦੇ ਟਾਊਨ ਹਾਲ 'ਚ ਸ਼ੁਰੂ ਕੀਤੇ ਗਏ ਪਾਰਟੀਸ਼ਨ ਮਿਊਜ਼ੀਅਮ 'ਚ ਵੀ ਪਿਛਲੇ ਲਗਭਗ 5 ਸਾਲਾਂ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ ਹੈ | ਇਸ ਦੇ ਬਾਵਜੂਦ ਉੱਥੇ ਰੋਜ਼ਾਨਾ 500 ਤੋਂ 700 ਸੈਲਾਨੀ ਪਹੁੰਚ ਰਹੇ ਹਨ | ਕਿਲ੍ਹਾ ਗੋਬਿੰਦਗੜ੍ਹ ਵਿਖੇ ਸਥਾਪਿਤ ਕੀਤੇ ਗਏ ਹਥਿਆਰਾਂ ਦੇ ਅਜਾਇਬ-ਘਰ 'ਚ ਸਿੱਖ ਫ਼ੌਜ ਦੀ ਵਿਰਾਸਤ, ਗਤਕਾ ਗੈਲਰੀ, ਰਵਾਇਤੀ ਹਥਿਆਰ ਅਤੇ ਹੋਰ ਹਥਿਆਰਾਂ ਦੇ ਨਾਲ-ਨਾਲ ਸਿੱਖ ਰਾਜ ਸਿੱਕਿਆਂ ਦੀ ਸਥਾਈ ਤੌਰ 'ਤੇ ਲਗਾਈ ਪ੍ਰਦਰਸ਼ਨੀ ਕਿਲ੍ਹਾ ਵੇਖਣ ਆਉਣ ਵਾਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਨਹੀਂ ਬਣ ਸਕੀ ਹੈ |