ਅੰਮਿ੍ਤਸਰ, 17 ਮਈ (ਰਾਜੇਸ਼ ਕੁਮਾਰ ਸ਼ਰਮਾ)-ਆਲ ਇੰਡੀਆ ਸਵਰਨਕਾਰ ਸਮਾਜ ਅਤੇ ਜਵੈਲਰਜ਼ ਐਸੋਸੀਏਸ਼ਨ ਅੰਮਿ੍ਤਸਰ ਵਲੋਂ ਇਕ ਹੰਗਾਮੀ ਮੀਟਿੰਗ ਹੋਈ | ਇਸ ਮੌਕੇ ਆਲ ਇੰਡੀਆ ਸਵਰਨਕਾਰ ਸਮਾਜ ਦੇ ਰਾਸ਼ਟਰੀ ਪ੍ਰਧਾਨ ਮੁਕੁਲ ਵਰਮਾ, ਰਾਸ਼ਟਰੀ ਪ੍ਰਭਾਰੀ ਸੁਧੀਰ ਸੋਨੀ ਅਤੇ ਅੰਮਿ੍ਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸਵਰਨਕਾਰ ਅਤੇ ਜਵੈਲਰ ਭਾਈਚਾਰੇ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ, ਤਾਂ ਜੋ ਦੂਜੇ ਸੂਬਿਆਂ 'ਚ ਸੋਨਾ-ਚਾਂਦੀ ਦੇ ਕਾਰੋਬਾਰ ਦੌਰਾਨ ਵਪਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਕਈ ਵਾਰ ਵਪਾਰੀਆਂ ਨੂੰ ਪੁਲਿਸੀ ਕਾਰਵਾਈ ਜਾਂ ਹੋਰ ਕਾਰਨਾਂ ਕਰਕੇ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਲੁੱਟਖੋਹ ਦੀਆਂ ਘਟਨਾਵਾਂ ਵੀ ਚਿੰਤਾ ਦਾ ਵਿਸ਼ਾ ਹਨ | ਇਸ ਲਈ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ | ਆਲ ਇੰਡੀਆ ਸਵਰਨਕਾਰ ਸਮਾਜ ਦੇ ਰਾਸ਼ਟਰੀ ਪ੍ਰਭਾਰੀ ਸੁਧੀਰ ਸੋਨੀ ਨੇ ਕਿਹਾ ਕਿ ਸੰਗਠਨ ਦੇਸ਼ ਭਰ 'ਚ ਸੁਨਿਆਰੇ ਭਾਈਚਾਰੇ ਨੂੰ ਇਕਜੁੱਟ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜਵੈਲਰ ਭਾਈਚਾਰੇ ਦੀ ਏਕਤਾ ਨਾਲ ਨਾ ਸਿਰਫ਼ ਚੋਰਾਂ ਅਤੇ ਬਦਮਾਸ਼ ਤੱਤਾਂ ਨੂੰ ਰੋਕਿਆ ਜਾ ਸਕਦਾ ਹੈ, ਸਗੋਂ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਆਸਾਨੀ ਨਾਲ ਹੋ ਸਕਦਾ ਹੈ | ਸੰਗਠਨ ਦੇ ਰਾਸ਼ਟਰੀ ਪ੍ਰਧਾਨ ਮੁਕੁਲ ਵਰਮਾ ਨੇ ਕਿਹਾ ਕਿ ਅੰਮਿ੍ਤਸਰ 'ਚ ਸੰਗਠਨ ਦੀਆਂ ਨਵੀਆਂ ਨਿਯੁਕਤੀਆਂ ਕਰਕੇ ਇਸ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ | ਇਸ ਮੌਕੇ ਗੁਰਸੇਵਕ ਸਿੰਘ, ਗੁਰਮੀਤ ਸਿੰਘ, ਦਵਿੰਦਰ ਸਿੰਘ ਜੌੜਾ, ਦਵਿੰਦਰ ਸਿੰਘ ਸਦਿਓੜਾ, ਲੋਕੇਸ਼ ਅਗਰਵਾਲ, ਮਹੇਸ਼, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਠਨ ਦੇ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ |