ਅੰਮਿ੍ਤਸਰ, 18 ਮਈ (ਹਰਮਿੰਦਰ ਸਿੰਘ)-ਸਥਾਨਕ ਹਾਥੀ ਗੇਟ ਦੇ ਨੇੜੇ ਸਥਿਤੀ ਉਸ ਵੇਲੇ ਤਨਾਅ ਪੁਰਵਕ ਬਣ ਗਈ ਜਦੋਂ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸੜਕ ਦੀ ਜਗ੍ਹਾ 'ਤੇ ਲੱਗੀਆਂ ਰੇਹੜੀਆਂ ਨੂੰ ਚੁਕ ਰਹੀ | ਨਿਗਮ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਰੇਹੜੀ ਵਾਲਿਆਂ ਇਕੱਠੇ ਹੋ ਗਏ ਤੇ ਉਨ੍ਹਾਂ ਵਲੋਂ ਨਿਗਮ ਦੀ ਕਾਰਵਾਈ ਨੂੰ ਰੋਕਣ ਦਾ ਯਤਨ ਕੀਤਾ | ਇਸ ਦੌਰਾਨ ਕੁਝ ਰੇਹੜੀਆਂ ਵਾਲੇ ਨਿਗਮ ਦੇ ਟਰੱਕ ਦੇ ਅੱਗੇ ਬੈਠ ਗਏ ਅਤੇ ਕਾਰਵਾਈ ਪ੍ਰਤੀ ਰੋਹ ਪ੍ਰਗਟ ਕੀਤਾ | ਇਸ ਸੰਬੰਧ ਵਿਚ ਨਗਰ ਨਿਗਮ ਦੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਸ੍ਰੀ ਦੁਰਗਿਆਣਾ ਮੰਦਿਰ ਨੇੜੇ ਸਿਕੰਦਰੀ ਗੇਟ ਤੋਂ ਲੋਹਗੜ੍ਹ ਗੇਟ ਤੱਕ ਸੜਕ ਦੀ ਜਗ੍ਹਾ 'ਤੇ ਲੱਗੀਆਂ ਰੇਹੜੀਆਂ ਨੂੰ ਨਿਗਮ ਦੇ ਅਸਟੇਟ ਵਿਭਾਗ ਵਲੋਂ ਕਾਰਵਾਈ ਕੀਤੀ ਜਾ ਰਹੀ ਸੀ, ਜਿਉਂ ਹੀ ਉਨ੍ਹਾਂ ਦੀ ਟੀਮ ਹਾਥੀ ਗੇਟ ਨੇੜੇ ਸੜਕ ਦੀ ਜਗ੍ਹਾ 'ਤੇ ਲੱਗੀਆਂ ਰੇਹੜੀਆਂ ਨੂੰ ਹਟਾਉਣ ਦਾ ਯਤਨ ਕੀਤਾ ਤਾਂ ਉਥੇ ਮੌਜੂਦ ਕੁਝ ਰੇਹੜੀਆਂ ਵਾਲੇ ਨਿਗਮ ਦੀ ਟੀਮ ਨਾਲ ਉਲਝ ਪਏ ਅਤੇ ਉਨ੍ਹਾਂ ਵਲੋਂ ਨਿਗਮ ਦੀ ਕਾਰਵਾਈ ਨੂੰ ਰੋਕਣ ਦਾ ਯਤਨ ਕਰਦੇ ਹੋਏ ਨਿਗਮ ਦੇ ਟਰੱਕ ਨੂੰ ਘੇਰਾ ਪਾ ਲਿਆ | ਉਨ੍ਹਾਂ ਦੱਸਿਆ ਕਿ ਇਸ ਦੀ ਇਤਲਾਹ ਨਿਗਮ ਦਫ਼ਤਰ 'ਤੇ ਪਹੁੰਚਣ 'ਤੇ ਉਹ ਆਪਣੇ ਹੋਰ ਮੁਲਾਜ਼ਮਾਂ ਅਤੇ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤਾਂ ਰੇਹੜੀ ਵਾਲਿਆਂ ਨੂੰ ਆਪਣੀਆਂ ਰੇਹੜੀਆਂ ਸੜਕ ਦੇ ਰਸਤੇ ਤੋਂ ਹਟਾਉਣ ਦੀਆਂ ਹਦਾਇਤਾਂ ਕੀਤੀਆਂ ਜਿਸ ਉਪਰੰਤ ਰੇਹੜੀਆਂ ਵਾਲੇ ਇਧਰ ਉਧਰ ਹੋ ਗਏ ਅਤੇ ਮਾਮਲਾ ਸ਼ਾਂਤ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਉਕਤ ਇਲਾਕੇ ਵਿਚ ਨਿਗਮ ਵਲੋਂ ਕਾਰਵਾਈ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਰੇਹੜੀਆਂ ਵਾਲਿਆਂ ਵਲੋਂ ਆਪਣੀਆਂ ਰੇਹੜੀਆਂ ਸੜਕ ਦੀ ਜਗ੍ਹਾ 'ਤੇ ਲਗਾ ਕੇ ਅਵਾਜਾਈ 'ਚ ਰੁਕਾਵਟ ਪੈਦਾ ਕੀਤੀ ਜਾਂਦੀ ਹੈ ਜਿਸ ਦੇ ਨਾਲ ਸੜਕ 'ਤੇ ਅਕਸਰ ਜਾਮ ਲੱਗੇ ਰਹਿੰਦੇ ਹਨ |
ਦੂਸਰੇ ਪਾਸੇ ਰੇਹੜੀ ਵਾਲਿਆਂ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਇਥੇ ਰੇਹੜੀਆਂ ਲਗਾ ਰਹੇ ਹਨ ਪਰ ਹੁਣ ਨਿਗਮ ਵਲੋਂ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਰੇਹੜੀਆਂ ਚੁਕੀਆਂ ਜਾ ਰਹੀਆਂ ਹਨ |
ਨਿਗਮ ਮੁਲਾਜ਼ਮ ਤੇ ਰੇਹੜੀਆਂ ਵਾਲੇ ਹੋਏ ਆਹਮੋ ਸਾਹਮਣੇ <br/>
ਅਜੀਤ ਡੈਸਕ
19-05-2026