ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ 20 ਮਈ ਨੂੰ ਦੇਸ਼ ਭਰ 'ਚ ਦਵਾਈ ਕਾਰੋਬਾਰੀਆਂ ਦੀ ਮੁਕੰਮਲ ਹੜਤਾਲ ਬਾਰੇ ਕੀਤੇ ਐਲਾਨ ਦੇ ਚੱਲਦਿਆਂ ਸਾਰੀਆਂ ਦੁਕਾਨਾਂ ਅਤੇ ਡਰੱਗ ਸਟੋਰ ਬੰਦ ਰਹਿਣਗੇ | ਹਾਲਾਂਕਿ, ਹੜਤਾਲ ਦੌਰਾਨ ਸਾਰੀਆਂ ਐਮਰਜੈਂਸੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ ਅਤੇ ਮਰੀਜ਼ਾਂ ਦੀ ਸਹੂਲਤ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ ਜਾਵੇਗਾ | ਉਕਤ ਰਾਸ਼ਟਰੀ ਜਥੇਬੰਦੀ ਦੇ ਅਧੀਨ ਆਉਂਦੀ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਅੰਮਿ੍ਤਸਰ ਡਿਸਟਿ੍ਕਟ ਐਸੋਸੀਏਸ਼ਨ ਨੇ ਅੱਜ ਹੜਤਾਲ ਦੇ ਮੱਦੇਨਜ਼ਰ ਅੰਮਿ੍ਤਸਰ ਦੇ ਸਿਵਲ ਸਰਜਨ ਸਤਿੰਦਰਪਾਲ ਸਿੰਘ ਬਜਾਜ ਨੂੰ ਇਕ ਮੰਗ ਪੱਤਰ ਸੌਂਪਿਆ | ਇਸ ਮੌਕੇ 'ਤੇ ਸੁਰਿੰਦਰ ਦੁੱਗਲ, ਰਾਜੇਸ਼ ਸੋਹੀ, ਰਾਜੀਵ ਕਪੂਰ, ਮਨਜੀਤ ਸੂਦ, ਸੰਜੀਵ ਭਾਟੀਆ, ਸੰਜੀਵ ਜੈਨ, ਰਾਕੇਸ਼ ਦੁੱਗਲ, ਕੁਲਦੀਪ ਸਿੰਘ, ਰਾਜ ਅਰੋੜਾ, ਹਿਤੇਸ਼ ਸਮੇਤ ਪੁਤਲੀਘਰ ਛਿਹਰਟਾ, ਜੰਡਿਆਲਾ, ਰਈਆ, ਟਾਂਗਰਾ, ਗੁਰੂ ਰਾਮ ਦਾਸ ਹਸਪਤਾਲ, ਗੁਰੂ ਨਾਨਕ ਦੇਵ ਹਸਪਤਾਲ ਆਦਿ ਦੇ ਕੈਮਿਸਟ ਵੀ ਮੌਜੂਦ ਸਨ | ਪ੍ਰਧਾਨ ਸੁਰਿੰਦਰ ਦੁੱਗਲ ਦੱਸਿਆ ਜਾ ਰਿਹਾ ਹੈ ਕਿ ਦੇਸ਼ ਭਰ 'ਚ ਲਗਪਗ 12.5 ਲੱਖ ਕੈਮਿਸਟ ਅਤੇ ਪੰਜਾਬ 'ਚ 27,000 ਵੱਧ ਦਵਾਈ ਕਾਰੋਬਾਰੀ ਹਨ, ਜਿਨ੍ਹਾਂ ਦਾ ਦਵਾਈਆਂ ਦੀ ਔਨਲਾਈਨ ਵਿੱਕਰੀ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ 20 ਮਈ ਦੇ ਬੰਦ ਦੇ ਸੱਦੇ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਪੰਜਾਬ, ਪੰਜਾਬ ਮੈਡੀਕਲ ਰਿਪ੍ਰੇਟੀਂਟੀਵ ਐਸੋਸੀਏਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਪੰਜਾਬ) ਨੇ ਵੀ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ | ਦੁੱਗਲ ਨੇ ਦੱਸਿਆ ਕਿ ਮੰਗ ਪੱਤਰ 'ਚ ਆਨਲਾਈਨ ਦਵਾਈਆਂ ਦੀ ਵਿੱਕਰੀ ਬੰਦ ਕਰਨ, ਨਕਲੀ ਤੇ ਘਟੀਆ ਪੱਧਰ ਦੀਆਂ ਦਵਾਈਆਂ ਦੀ ਵਿੱਕਰੀ ਖ਼ਿਲਾਫ਼ ਸਖ਼ਤ ਨਿਯਮ ਬਣਾਉਣ, ਆਨਲਾਈਨ ਨਸ਼ੇ ਵਾਲੀਆਂ ਅਤੇ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰਨ ਵਾਲੀਆਂ ਦਵਾਈਆਂ ਦੀ ਵਿੱਕਰੀ ਖ਼ਿਲਾਫ਼ ਕਾਰਵਾਈ, ਵੱਡੇ ਕਾਰਪੋਰੇਟ ਘਰਾਨਿਆਂ ਦੁਆਰਾ ਵੱਡੀ ਛੋਟ ਰਾਹੀਂ ਅਣਉੱਚਿਤ ਮੁਕਾਬਲਿਆਂ 'ਤੇ ਰੋਕ ਲਗਾਉਣ, ਓ. ਐੱਨ. ਡੀ. ਐੱਲ. ਐੱਸ. (ਆਨਲਾਈਨ ਨੈਸ਼ਨਲ ਡਰੱਗ ਲਾਇਸੈਂਸ ਸਿਸਟਮ) ਵਿਚ ਆ ਰਹਿਆਂ ਖ਼ਾਮੀਆਂ, ਪੰਜਾਬ 'ਚ ਪਹਿਲਾਂ ਤੋਂ ਐਕਸ. ਐੱਲ. ਐੱਨ. ਇੰਡੀਆ ਪੋਰਟਲ ਮੌਜੂਦ ਹੋਣ ਦੇ ਬਾਵਜੂਦ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਵਾਲਾ ਨਵਾਂ ਪੋਰਟਲ ਸ਼ੁਰੂ ਕਰਨ, ਪੰਜਾਬ ਸਿਹਤ ਵਿਭਾਗ ਦੀ ਡਰੱਗ ਨੀਤੀ ਵਿਚ ਕੈਮਿਸਟਾਂ ਅਤੇ ਕਾਰਪੋਰੇਟ ਵਿਚ ਵਿਤਕਰਾ ਖ਼ਤਮ ਕਰਨ ਆਦਿ ਮੰਗਾਂ ਕੀਤੀਆਂ ਗਈਆਂ ਹਨ |
ਅੱਜ ਦੇਸ਼ ਭਰ 'ਚ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ <br/>
ਸਿਵਲ ਸਰਜਨ ਸਤਿੰਦਰਪਾਲ ਸਿੰਘ ਬਜਾਜ ਨੂੰ ਮੰਗ ਪੱਤਰ ਦਿੰਦੇ ਹੋਏ ਸੁਰਿੰਦਰ ਦੁੱਗਲ, ਰਾਜੇਸ਼ ਸੋਹੀ, ਰਾਜੀਵ ਕਪੂਰ, ਮਨਜੀਤ ਸੂਦ, ਸੰਜੀਵ ਭਾਟੀਆ, ਸੰਜੀਵ ਜੈਨ ਤੇ ਹੋਰ | ਤਸਵੀਰ : ਹਰਜੀਤ ਸਿੰਘ<br/>
20-05-2026