ਅੰਮਿ੍ਤਸਰ, 19 ਮਈ (ਰਾਜੇਸ਼ ਕੁਮਾਰ ਸ਼ਰਮਾ)-ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਅੰਮਿ੍ਤਸਰ ਤੋਂ ਲੰਬੀ ਦੂਰੀ ਦੀਆਂ ਜਾਣ ਵਾਲੀਆਂ ਰੇਲਗੱਡੀਆਂ 'ਚ ਬੁਕਿੰਗ ਫੁਲ ਹੋ ਗਈ ਹੈ, ਜਿਸ ਕਾਰਨ ਯਾਤਰੀਆਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਜਾਣਕਾਰੀ ਮੁਤਾਬਕ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਆਦਿ ਜਾਣ ਵਾਲੀਆਂ ਲੰਬੀ ਦੂਰੀ ਦੀਆਂ ਰੇਲਗੱਡੀਆਂ 'ਚ ਯਾਤਰੀਆਂ ਦੀ ਭਾਰੀ ਭੀੜ ਹੈ | ਕਈ ਰੇਲਗੱਡੀਆਂ 'ਚ ਸਲੀਪਰ ਅਤੇ ਏ. ਸੀ. ਕੋਚਾਂ ਲਈ ਭਾਰੀ ਵੇਟਿੰਗ ਲਿਸਟ ਚੱਲ ਰਹੀ ਹੈ | ਰੇਲਗੱਡੀ ਨੰਬਰ 22424 ਅੰਮਿ੍ਤਸਰ-ਗੋਰਖਪੁਰ ਐਕਸਪ੍ਰੈੱਸ ਅਤੇ 12204 ਅੰਮਿ੍ਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ 'ਚ ਸੀਟਾਂ ਦੀ ਮੰਗ ਬਹੁਤ ਜ਼ਿਆਦਾ ਹੈ | ਯਾਤਰੀਆਂ ਨੂੰ ਤਤਕਾਲ ਟਿਕਟਾਂ ਨਾਲ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰੇਲਗੱਡੀਆਂ ਨੰਬਰ 15212 ਅੰਮਿ੍ਤਸਰ-ਦਰਭੰਗਾ ਜਨਨਾਇਕ ਐਕਸਪ੍ਰੈਸ, 14618 ਅੰਮਿ੍ਤਸਰ-ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ ਅਤੇ 04610 ਅੰਮਿ੍ਤਸਰ-ਬਰੌਣੀ ਸਮਰ ਸਪੈਸ਼ਲ ਬਿਹਾਰ ਰੂਟ 'ਤੇ ਸਭ ਤੋਂ ਵੱਧ ਭੀੜ ਦਾ ਸਾਹਮਣਾ ਕਰ ਰਹੀਆਂ ਹਨ | ਕਈ ਰੇਲਗੱਡੀਆਂ 'ਚ ਸਲੀਪਰ ਕੋਚਾਂ ਲਈ ਵੇਟਿੰਗ ਲਿਸਟ 120 ਤੋਂ 180 ਤੱਕ ਪਹੁੰਚ ਗਈਆਂ ਹਨ, ਜਦੋਂ ਕਿ ਏਸੀ 3-ਟੀਅਰ ਕੋਚਾਂ ਲਈ ਵੀ ਲੰਬੀ ਵੇਟਿੰਗ ਲਿਸਟ ਚੱਲ ਰਹੀ ਹੈ | ਇਸੇ ਤਰ੍ਹਾਂ 13006 ਅੰਮਿ੍ਤਸਰ-ਹਾਵੜਾ ਮੇਲ, 04624 ਅੰਮਿ੍ਤਸਰ-ਕੋਲਕਾਤਾ ਸਮਰ ਸਪੈਸ਼ਲ ਤੇ 11058 ਅੰਮਿ੍ਤਸਰ-ਮੁੰਬਈ ਛਤਰਪਤੀ ਸ਼ਿਵਾਜੀ ਮਹਾਰਾਜ ਐਕਸਪ੍ਰੈਸ ਲਈ ਲੰਬੀ ਵੇਟਿੰਗ ਜਾਰੀ ਹੈ | ਰੇਲਗੱਡੀਆਂ ਦੀ ਬੁਕਿੰਗ 'ਚ ਚੱਲ ਰਹੀ ਲੰਬੀ ਵੇਟਿੰਗ ਲਿਸਟ ਤੋਂ ਪੇ੍ਰਸ਼ਾਨ ਯਾਤਰੀਆਂ ਨੇ ਰੇਲਵੇ ਵਿਭਾਗ ਨੂੰ ਆਗਾਮੀ ਛੁੱਟੀਆਂ ਦੇ ਮੱਦੇਨਜ਼ਰ ਸਪੈਸ਼ਲ ਰੇਲਗੱਡੀਆਂ ਚਲਾਉਣ ਦੇ ਨਾਲ ਨਾਲ ਮੌਜੂਦਾ ਗੱਡੀਆਂ 'ਚ ਰੇਲ ਕੋਚਾਂ ਨੂੰ ਵਧਾਉਣ ਦੀ ਮੰਗ ਕੀਤੀ ਹੈ |