ਰਾਜਾਸਾਂਸੀ, 19 ਮਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਅਧੀਨ ਆਉਂਦੇ ਪੁਲਿਸ ਥਾਣਾ ਰਾਜਾਸਾਂਸੀ ਦੇ ਮੁਖੀ ਐੱਸ. ਐੱਚ. ਓ. ਹਰਸਿਮਰਤਪ੍ਰੀਤ ਕੌਰ ਵਲੋਂ ਪੱਤਰਕਾਰ ਭਾਈਚਾਰੇ ਨਾਲ ਦੁਰਵਿਹਾਰ ਕਰਨ ਤੇ ਪ੍ਰੈੱਸ ਕਲੱਬ ਅੰਮਿ੍ਤਸਰ ਦੇ ਪ੍ਰਧਾਨ ਰਜੇਸ਼ ਗਿੱਲ ਦੇ ਨਿਰਦੇਸ਼ਾਂ ਹੇਠ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਅਜਨਾਲਾ-ਹਵਾਈ ਰੋਡ 'ਤੇ ਚੱਕਾ ਜਾਮ ਕਰਕੇ ਉਕਤ ਐੱਸ. ਐੱਚ. ਓ. ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ | ਸਮੂਹ ਪੱਤਰਕਾਰ ਭਾਈਚਾਰੇ ਵਲੋਂ ਦੁਰਵਿਹਾਰ ਮਾਮਲੇ 'ਚ ਐੱਸ. ਐੱਚ. ਓ. ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ | ਇਸ ਦੌਰਾਨ ਅਜਨਾਲਾ ਅੰਮਿ੍ਤਸਰ ਮਾਰਗ ਤੇ ਥਾਣੇ ਦੇ ਨੇੜੇ ਦੋਵੇ ਪਾਸੇ ਜਾਮ ਲੱਗਾ ਰਿਹਾ ਪ੍ਰੰਤੂ ਹਵਾਈ ਅੱਡਾ ਟੀ ਪੁਆਇੰਟ ਧਰਨੇ ਵਾਲੀ ਥਾਂ ਬਾਹਰ ਹੋਣ ਕਰਕੇ ਯਾਤਰੀਆਂ ਦੀਆਂ ਗੱਡੀਆਂ ਦੀ ਆਵਾਜਾਈ ਆਮ ਵਾਂਗ ਚਲਦੀ ਰਹੀ | ਧਰਨੇ ਦੌਰਾਨ ਮੌਕੇ ਤੇ ਪਹੁੰਚੇ ਸਬ ਡਵੀਜਨ ਰਾਜਾਸਾਂਸੀ ਦੇ ਡੀ. ਐੱਸ. ਪੀ. ਕਪਿਲ ਕੌਂਸਲ ਵਲੋਂ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਕੇ ਭਰੋਸਾ ਦਿੱਤਾ ਕਿ ਸਾਰੇ ਮਾਮਲੇ ਦੀ ਸੀ.ਸੀ.ਟੀ.ਵੀ. ਰਾਹੀਂ ਪੂਰੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਜੇਕਰ ਉਕਤ ਐੱਸ. ਐੱਚ. ਓ. ਵਲੋਂ ਪੱਤਰਕਾਰ ਭਾਈਚਾਰੇ ਨਾਲ ਦੁਰਵਿਹਾਰ ਦਾ ਦਿ੍ਸ਼ ਸਾਹਮਣੇ ਆਉਂਦਾ ਹੈ ਤਾਂ ਪੱਤਰਕਾਰ ਚਾਈਚਾਰੇ ਮੁਤਾਬਕ ਐੱਸ. ਐੱਚ. ਓ. ਦੀ ਰਿਪੋਰਟ ਐੱਸ. ਐੱਸ. ਪੀ. ਨੂੰ ਸੌਂਪਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਡੀ. ਐੱਸ. ਪੀ. ਦੇ ਕਹਿਣ ਮੁਤਾਬਕ ਪੱਤਰਕਾਰ ਭਾਈਚਾਰੇ ਵਲੋਂ ਧਰਨਾ ਸਮਾਪਤ ਕੀਤਾ ਗਿਆ | ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਰਜੇਸ਼ ਗਿੱਲ, ਰਮਨ ਕੁਮਾਰ, ਹਰਮੀਤ ਸਿੰਘ, ਰਜਿੰਦਰ ਸਿੰਘ ਰੂਬੀ, ਵਿਕਰਮ ਸਰਮਾ, ਸੁਖਚੈਨ ਸਿੰਘ ਤੋਂ ਇਲਾਵਾ ਮਜੀਠਾ, ਅਜਨਾਲਾ ਰਾਜਾਸਾਂਸੀ ਦੇ ਪੱਤਰਕਾਰਾਂ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਆਗੂ ਹਰਪਾਲ ਸਿੰਘ ਛੀਨਾ ਸਮੇਤ ਸਾਥੀ ਹਾਜ਼ਰ ਸਨ |