ਅੰਮਿ੍ਤਸਰ, 4 ਜੂਨ (ਸੁਰਿੰਦਰ ਕੋਛੜ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਅਤੇ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਅਮਰਿੰਦਰ ਸਿੰਘ ਕੋਛੜ ਵਲੋਂ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਦਾ ਪਾਕਿਸਤਾਨ ਅਫ਼ਗ਼ਾਨਿਸਤਾਨ ਅਤੇ ਕੇਂਦਰੀ ਏਸ਼ੀਅਨ ਮੁਲਕਾਂ ਈਰਾਨ, ਇਰਾਕ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤੁਰਕਮਿਨਸਤਾਨ ਅਤੇ ਤਾਜ਼ਕਿਸਤਾਨ ਆਦਿ ਨਾਲ ਪਿਛਲੇ ਸੱਤ ਸਾਲਾਂ ਤੋਂ ਬੰਦ ਆਪਸੀ ਵਪਾਰ ਮੁੜ ਸ਼ੁਰੂ ਕਰਨ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸੰਗਤਾਂ ਲਈ ਖੋਲ੍ਹਣ ਲਈ ਆਰੰਭੀ ਮੁਹਿੰਮ ਤਹਿਤ ਅੱਜ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਪੰਜਾਬ ਰਾਜ ਭਵਨ ਵਿਖੇ ਮੀਟਿੰਗ ਕੀਤੀ ਗਈ | ਮਰਵਾਹਾ ਨੇ ਦੱਸਿਆ ਕਿ ਗਵਰਨਰ ਕਟਾਰੀਆ ਨਾਲ ਬੜੇ ਸੁਖਾਵੇਂ ਮਾਹੌਲ 'ਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਕਾਰੋਬਾਰੀ ਆਗੂਆਂ ਦੀ ਗੱਲ ਪੂਰੀ ਤਵੱਜ਼ੋਂ ਸਹਿਤ ਸੁਣੀ ਅਤੇ ਉਨ੍ਹਾਂ ਵਲੋਂ ਦਿੱਤੇ ਮੰਗ ਪੱਤਰ ਨੂੰ ਹਾਸਿਲ ਕੀਤਾ | ਅਟਾਰੀ ਵਾਹਗਾ ਸਰਹੱਦ ਰਾਹੀਂ ਆਪਸੀ ਕੌਮਾਂਤਰੀ ਵਪਾਰ ਬੰਦ ਹੋਣ ਕਾਰਨ ਪੈਦਾ ਹੋਏ ਵਿੱਤੀ ਹਾਲਾਤਾਂ ਦਾ ਵਰਨਣ ਕਰਦੇ ਦਿੰਦੇ ਹੋਏ ਮਰਵਾਹਾ ਨੇ ਗਵਰਨਰ ਪੰਜਾਬ ਨੂੰ ਦੱਸਿਆ ਕਿ ਇਹ ਸਮੱਸਿਆ ਪੰਜਾਬ ਅਤੇ ਵਿਸ਼ੇਸ਼ ਕਰਕੇ ਅੰਮਿ੍ਤਸਰ ਦੇ ਕਿਸਾਨਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਸਿੱਧਾ ਸੰਬੰਧਿਤ ਹੈ ਜਿਸ ਕਾਰਨ ਉਹ ਮਾੜੇ ਅਰਥਚਾਰੇ ਦਾ ਸ਼ਿਕਾਰ ਹੋ ਰਹੇ ਹਨ, ਜਿਸ ਦਾ ਹੱਲ ਬਹੁਤ ਜ਼ਰੂਰੀ ਹੈ |