ਅੰਮਿ੍ਤਸਰ, 9 ਜੂਨ (ਰੇਸ਼ਮ ਸਿੰਘ)-ਦੱਖਣੀ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਜਗਦੀਪ ਸਿੰਘ ਰਿੰਕੂ ਨਰੂਲਾ ਵਲੋਂ ਸੀਨੀਅਰ ਕਾਂਗਰਸੀ ਆਗੂ ਸੰਜੀਵ ਅਰੋੜਾ ਵਲੋਂ ਅੰਮਿ੍ਤਸਰ ਦੇ ਐੱਸ. ਆਈ. ਆਰ. ਕੋਆਰਡੀਨੇਟਰ ਨਿਯੁਕਤ ਕੀਤੇ ਗਏ ਵਿਪਿਨ ਆਨੰਦ ਅਤੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਉਪ ਪ੍ਰਧਾਨ ਬਣਾਏ ਗਏ ਸੰਜੇ ਸਾਗਰ ਗੁਪਤਾ ਦਾ ਸਨਮਾਨ ਕੀਤਾ ਗਿਆ | ਸ: ਰਿੰਕੂ ਨਰੂਲਾ ਨੇ ਕਿਹਾ ਕਿ ਐੱਸ.ਆਈ.ਆਰ. ਨਾਲ ਸੰਬੰਧਿਤ ਸਮੱਸਿਆਵਾਂ ਅਤੇ ਵੋਟਰਾਂ ਦੇ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਰ ਯੋਗ ਵੋਟਰ ਨੂੰ ਉਸ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਕਾਂਗਰਸ ਪਾਰਟੀ ਦੀ ਪ੍ਰਾਥਮਿਕਤਾ ਹੈ | ਜਿਸ ਤਹਿਤ ਕਾਂਗਰਸ ਵਰਕਰ ਘਰ-ਘਰ ਜਾ ਕੇ ਵੋਟਰਾਂ ਨੂੰ ਜਾਗਰੂਕ ਕਰਨਗੇ, ਤਾਂ ਜੋ ਕਿਸੇ ਵੀ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿਚੋਂ ਨਾ ਕੱਟਿਆ ਜਾਵੇ | ਉਨ੍ਹਾਂ ਦੱਸਿਆ ਕਿ ਪੂਰੇ ਸ਼ਹਿਰ ਵਿਚ ਬੂਥ ਪੱਧਰ 'ਤੇ ਬੀ.ਐੱਲ.ਓ.-2 ਨਿਯੁਕਤ ਕੀਤੇ ਜਾਣਗੇ ਜੋ ਵੋਟਰ ਸੂਚੀ ਨਾਲ ਜੁੜੇ ਮਾਮਲਿਆਂ ਵਿਚ ਲੋਕਾਂ ਦੀ ਮਦਦ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਹਿਯੋਗ ਦੇਣਗੇ | ਇਸ ਮੌਕੇ ਲਖਨ, ਲਾਡੀ, ਭਾਟੀਆ, ਕਮਲ ਮਹਿਰਾ, ਸੁਕੇਸ਼ ਆਨੰਦ ਸਮੇਤ ਕਾਂਗਰਸ ਪਾਰਟੀ ਦੇ ਕਈ ਆਗੂ ਅਤੇ ਵਰਕਰ ਵੀ ਹਾਜ਼ਰ ਸਨ |