ਅੰਮਿ੍ਤਸਰ, 9 ਜੂਨ (ਜਸਵੰਤ ਸਿੰਘ ਜੱਸ)¸ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਵਿਸ਼ਵ ਵੈਟਰਨਰੀ ਦਿਵਸ ਨੂੰ ਸਮਰਪਿਤ ਮੁਫ਼ਤ ਪਸ਼ੂ ਸਿਹਤ ਸੇਵਾਵਾਂ ਅਤੇ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਗਈ | ਵੈਟਰਨਰੀ ਕਲੀਨਿਕਲ ਕੰਪਲੈਕਸ ਵਿਖੇ 'ਵੈਟਰਨਰੀਅਨ : ਗਾਰਡੀਅਨਜ਼ ਫੂਡ ਐਂਡ ਹੈਲਥ' ਵਿਸ਼ੇ 'ਤੇ ਕਰਵਾਏ ਇਸ ਸਮਾਗਮ ਮੌਕੇ ਪਸ਼ੂਆਂ ਲਈ ਐਂਟੀ-ਰੇਬੀਜ਼ ਟੀਕਾਕਰਨ, ਕੀੜੇ ਮਾਰਨ ਦੀ ਦਵਾਈ (ਡੀਵਰਮਿੰਗ) ਅਤੇ ਐਂਟੀ-ਟਿੱਕ ਬਾਥ ਮੁਫ਼ਤ ਉਪਲਬਧ ਕਰਵਾਏ ਗਏ ਤੇ ਇਹ ਸੇਵਾਵਾਂ ਪੂਰੇ ਹਫ਼ਤੇ ਲਈ ਜਾਰੀ ਰੱਖੀਆਂ ਗਈਆਂ | ਇਸ ਸਮਾਗਮ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਐੱਚ. ਕੇ. ਵਰਮਾ ਨੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ, ਡਾਇਰੈਕਟਰ ਕਲੀਨਿਕਸ ਡਾ. ਪੀ. ਐੱਸ. ਮਾਵੀ ਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ 'ਚ ਕੀਤਾ | ਇਸ ਦੌਰਾਨ ਵੈਟਰਨਰੀ ਮਾਹਿਰਾਂ ਵਲੋਂ ਪਸ਼ੂ ਸਿਹਤ, ਪੋਸ਼ਣ ਅਤੇ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਮੁਫ਼ਤ ਸਲਾਹ-ਮਸ਼ਵਰਾ ਦਿੱਤਾ ਗਿਆ, ਜਿਸ ਰਾਹੀਂ ਜ਼ਿੰਮੇਵਾਰ ਪਾਲਤੂ ਪਸ਼ੂ ਸੰਭਾਲ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਪਿ੍ੰ: ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਡਾਕਟਰ ਨਾ ਸਿਰਫ਼ ਪਸ਼ੂਆਂ ਦੀ ਸਿਹਤ ਦੇ ਰਖਵਾਲੇ ਹਨ, ਸਗੋਂ ਜਨਤਕ ਸਿਹਤ ਦੀ ਸੁਰੱਖਿਆ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਭੋਜਨ ਸੁਰੱਖਿਆ, ਬਿਮਾਰੀਆਂ ਦੀ ਰੋਕਥਾਮ ਅਤੇ ਸਮਾਜ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਣ 'ਚ ਵੈਟਰਨਰੀ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਲਗਾਤਾਰ ਵੱਧ ਰਹੀਆਂ ਹਨ | ਡਾ. ਨਾਗਪਾਲ ਨੇ ਕਿਹਾ ਕਿ ਅੱਜ ਵੈਟਰਨਰੀ ਡਾਕਟਰਾਂ ਨੂੰ ਸਮਾਜ 'ਚ ਵਿਸ਼ੇਸ਼ ਸਨਮਾਨ ਅਤੇ ਮਹੱਤਤਾ ਪ੍ਰਾਪਤ ਹੈ | ਉਹ ਤੰਦਰੁਸਤ ਪਸ਼ੂਧਨ ਅਤੇ ਪੋਲਟਰੀ ਦੀ ਸੰਭਾਲ ਰਾਹੀਂ ਮਨੁੱਖਤਾ ਲਈ ਪੋਸ਼ਣ ਸੁਰੱਖਿਆ ਯਕੀਨੀ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਵੈਟਰਨਰੀ ਡਾਕਟਰਾਂ ਦੀ ਮੰਗ ਬਹੁਤ ਜ਼ਿਆਦਾ ਹੈ | ਇਸ ਵੇਲੇ 20 ਤੋਂ 25 ਤੱਕ ਵੱਖ-ਵੱਖ ਸੰਸਥਾਵਾਂ ਨਵੇਂ ਵੈਟਰਨਰੀ ਡਾਕਟਰਾਂ ਦੀ ਉਡੀਕ ਕਰ ਰਹੀਆਂ ਹਨ | ਇਨ੍ਹਾਂ 'ਚ ਪਸ਼ੂ ਪਾਲਣ ਵਿਭਾਗ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਵੈਟਰਨਰੀ ਹਸਪਤਾਲ, ਦੁੱਧ ਅਤੇ ਮੀਟ ਪ੍ਰੋਸੈਸਿੰਗ ਉਦਯੋਗ, ਫਾਰਮਾਸਿਊਟੀਕਲ ਕੰਪਨੀਆਂ, ਫੌਜ ਅਤੇ ਅਰਧ-ਸੈਨਿਕ ਬਲ ਸ਼ਾਮਿਲ ਹਨ | ਸਮਾਗਮ ਦਾ ਸਮਾਪਨ ਪਸ਼ੂਆਂ 'ਚ ਬਿਮਾਰੀਆਂ ਦੀ ਰੋਕਥਾਮ ਅਤੇ ਉੱਚ ਗੁਣਵੱਤਾ ਵਾਲੇ ਪਸ਼ੂ ਉਤਪਾਦਾਂ ਦੇ ਉਤਪਾਦਨ ਲਈ ਹੋਰ ਜ਼ਿਆਦਾ ਯਤਨ ਕਰਨ ਦੇ ਸੰਕਲਪ ਨਾਲ ਕੀਤਾ ਗਿਆ |