25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅੰਮਿ੍ਤਸਰ ਦੇ ਅੱਧ-ਅਧੂਰੇ ਪੁੱਲ, ਕਦੋਂ ਹੋਣਗੇ ਪੂਰੇ? ਵਿਕਾਸ ਦੇ ਦਾਅਵਿਆਂ ਦੀ ਖੋਲ੍ਹ ਰਹੇ ਪੋਲ੍ਹ <br/>

ਵੱਲਾ ਬਾਈਪਾਸ ਅਤੇ ਰੀਗੋ ਬਿ੍ਜ ਦਾ ਅੱਧ ਅਧੂਰਾ ਪੁੱਲ ਤੇ ਪ੍ਰਭਬੀਰ ਸਿੰਘ ਬਰਾੜ | ਤਸਵੀਰਾਂ : ਹਰਜੀਤ ਸਿੰਘ <br/> 11-06-2026
ਅੰਮਿ੍ਤਸਰ, 10 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ 'ਚ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਥਾਵਾਂ 'ਤੇ ਬਣ ਰਹੇ ਅੱਧ-ਅਧੂਰੇ ਪੁੱਲ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ | ਕੇਂਦਰ ਸਰਕਾਰ ਦੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਪੁੱਲਾਂ ਦਾ ਨਿਰਮਾਣ ਕਰਵਾ ਰਹੀ ਹੈ, ਜਿਨ੍ਹਾਂ 'ਚੋਂ ਕੁਝ ਪੁੱਲਾਂ ਦਾ ਕੰਮ ਬੰਦ ਜਾਂ ਫਿਰ ਉਨ੍ਹਾਂ ਦੀ ਰਫ਼ਤਾਰ ਬੇਹੱਦ ਮੱਧਮ ਹੈ | ਪਿਛਲੇ 6-7 ਸਾਲਾਂ ਤੋਂ ਬਣ ਰਿਹਾ ਵੱਲਾ ਫਲਾਈਓਵਰ ਅੱਜ ਵੀ ਅਧੂਰਾ ਪਿਆ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਹਰ ਰੋਜ਼ ਟਰੈਫਿਕ ਜਾਮ, ਧੂੜ-ਮਿੱਟੀ ਤੇ ਹੋਰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਇਹ ਪ੍ਰੋਜੈਕਟ ਅੱਜ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਅਤੇ ਕੇਂਦਰ ਸਰਕਾਰ ਦੀ ਅਣਗਹਿਲੀ ਦਾ ਪ੍ਰਤੀਕ ਬਣ ਚੁੱਕੇ ਹਨ | ਇਹ ਸਿਰਫ਼ ਵੱਲਾ ਫਲਾਈਓਵਰ ਦੀ ਗੱਲ ਨਹੀਂ ਹੈ | ਅੰਮਿ੍ਤਸਰ 'ਚ ਰੀਗੋ ਬਿ੍ਜ ਸਮੇਤ ਕਈ ਕੇਂਦਰੀ ਪ੍ਰੋਜੈਕਟ ਸਾਲਾਂ ਤੋਂ ਅਧੂਰੇ ਪਏ ਹਨ | ਭਾਜਪਾ ਦੇ ਆਗੂ ਚੋਣਾਂ ਵੇਲੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਜਦੋਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀ ਕਾਰਗੁਜ਼ਾਰੀ ਜ਼ੀਰੋ ਨਜ਼ਰ ਆਉਂਦੀ ਹੈ | ਠੇਕੇਦਾਰ ਵਲੋਂ ਕੰਮ ਛੱਡਣ ਅਤੇ ਨਵੇਂ ਟੈਂਡਰਾਂ ਦੀ ਸੰਭਾਵਨਾ ਇਹ ਦਰਸਾਉਂਦੀ ਹੈ ਕਿ ਲੋਕਾਂ ਨੂੰ ਹਾਲੇ ਹੋਰ ਲੰਬਾ ਸਮਾਂ ਖੱਜਲ-ਖੁਆਰ ਹੋਣਾ ਪੈ ਸਕਦਾ ਹੈ | ਆਮ ਆਦਮੀ ਪਾਰਟੀ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਨਸਪ (ਪੰਜਾਬ) ਪ੍ਰਭਬੀਰ ਸਿੰਘ ਬਰਾੜ ਨੇ ਅੰਮਿ੍ਤਸਰ ਦੇ ਵੱਲਾ ਫਲਾਈਓਵਰ ਦੀ ਲੰਬੇ ਸਮੇਂ ਤੋਂ ਚੱਲ ਰਹੀ ਉਸਾਰੀ 'ਚ ਹੋ ਰਹੀ ਦੇਰੀ ਨੂੰ ਭਾਜਪਾ ਦੀ ਨਾਕਾਮ ਕਾਰਗੁਜ਼ਾਰੀ ਅਤੇ ਖੋਖਲੇ ਵਿਕਾਸ ਮਾਡਲ ਦੀ ਜਿਉਂਦੀ-ਜਾਗਦੀ ਮਿਸਾਲ ਕਰਾਰ ਦਿੱਤਾ ਹੈ | ਬਰਾੜ ਨੇ ਕਿਹਾ ਕਿ ਅੱਜ ਸਥਾਨਕ ਲੋਕਾਂ ਵਲੋਂ ਫਲਾਈਓਵਰ ਦੇ ਕੰਮ 'ਚ ਹੋ ਰਹੀ ਦੇਰੀ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ ਅਤੇ ਪ੍ਰਸ਼ਾਸਨ ਤੋਂ ਇਸ ਨੂੰ ਜਲਦ ਮੁਕੰਮਲ ਕਰਨ ਦੀ ਮੰਗ ਕੀਤੀ ਗਈ ਪਰ ਅਧਿਕਾਰੀਆਂ ਕੋਲ ਇਸ ਸੰਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਸੀ | ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਤੇ ਇਸ਼ਤਿਹਾਰਾਂ ਰਾਹੀਂ ਵਿਕਾਸ ਦਾ ਭਰਮ ਪੈਦਾ ਕਰਨ ਦੀ ਬਜਾਏ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ | ਵੱਲਾ ਫਲਾਈਓਵਰ ਵਰਗੇ ਅਧੂਰੇ ਪ੍ਰੋਜੈਕਟ ਭਾਜਪਾ ਦੇ ਵਿਕਾਸ ਮਾਡਲ ਦੀ ਅਸਲ ਸੱਚਾਈ ਨੂੰ ਬੇਨਕਾਬ ਕਰ ਰਹੇ ਹਨ | ਪ੍ਰਭਬੀਰ ਸਿੰਘ ਬਰਾੜ ਨੇ ਕੇਂਦਰ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਅੰਮਿ੍ਤਸਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਵੱਲਾ ਫਲਾਈਓਵਰ ਦਾ ਕੰਮ ਜੰਗੀ ਪੱਧਰ 'ਤੇ ਮੁਕੰਮਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਲੋਕ ਹੁਣ ਖੋਖਲੇ ਦਾਵਿਆਂ ਅਤੇ ਐਲਾਨਾਂ ਤੋਂ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਨਜ਼ਰ ਆਉਣ ਵਾਲੇ ਵਿਕਾਸ ਤੋਂ ਪ੍ਰਭਾਵਿਤ ਹੋਣਗੇ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਦੇ ਲੋਕਾਂ ਨੂੰ ਹੋਰ ਉਡੀਕ ਕਰਵਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਤੇ ਭਾਜਪਾ ਨੂੰ ਆਪਣੇ ਅਧੂਰੇ ਪ੍ਰੋਜੈਕਟਾਂ ਅਤੇ ਨਾਕਾਮ ਕਾਰਗੁਜ਼ਾਰੀ ਲਈ ਜਨਤਾ ਅੱਗੇ ਜਵਾਬਦੇਹ ਬਣਨਾ ਹੀ ਪਵੇਗਾ |

ਪਿਛਲੀ ਖ਼ਬਰ ਨਿਤਿਨ ਨਬੀਨ ਦੀ ਪੰਜਾਬ ਫੇਰੀ ਨੂੰ ਲੈ ਕੇ ਧਨਖੜ ਤੇ ਚੀਮਾ ਨੇ ਭਾਜਪਾ ਵਰਕਰਾਂ ਨਾਲ ਕੀਤੀ ਬੈਠਕ <br/> ਅਗਲੀ ਖ਼ਬਰ ਛੇਹਰਟਾ ਬਾਜ਼ਾਰ 'ਚ ਸ਼ਹੀਦਾਂ ਦੀ ਯਾਦਗਾਰ ਦੇ ਬਾਹਰ ਨਗਰ ਨਿਗਮ ਨੇ ਰੱਖੇ ਕੂੜੇ ਵਾਲੇ ਡਸਟਬਿਨ-ਕਾ. ਕੰਵਲਜੀਤ ਸਿੰਘ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।