26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਮੌਨਸੂਨ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਨਾ ਹੋਣ ’ਤੇ ਕਿਸਾਨ ਡਾਹਢੇ ਪ੍ਰੇਸ਼ਾਨ

ਅਜੀਤ ਡੈਸਕ 17-06-2026

ਅੰਮ੍ਰਿਤਸਰ, 16 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਰਕੇ ਡਰੇਨਜ ਦੇ ਕਾਰਜਕਾਰੀ ਇੰਜੀਨੀਅਰ ਵਿਸ਼ਵਪਾਲ ਗੋਇਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਪ੍ਰਧਾਨ ਡਾ. ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਡਰੇਨਾਂ ਦੀ ਸਫ਼ਾਈ ਅਤੇ ਖੁਦਾਈ ਕਰਵਾਈ ਜਾਵੇ ਕਿਉਂਕਿ ਹਰ ਸਾਲ ਜਦੋਂ ਮਾਨਸੂਨ ਦਾ ਸੀਜ਼ਨ ਆਉਂਦਾ ਹੈ ਡਰੇਨਾਂ ‘ਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਪਰ ਚੰਗੇ ਤਰੀਕੇ ਨਾਲ ਖੁਦਾਈ ਨਾ ਹੋਣ ਕਰਕੇ ਪਾਣੀ ਖੇਤਾਂ ਤੇ ਘਰਾਂ ਵਿਚ ਜਾ ਵੜਦਾ ਹੈ, ਜਿਸ ਨਾਲ ਹਰ ਸਾਲ ਸੈਂਕੜੇ ਏਕੜ ਫ਼ਸਲ ਤਬਾਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਏ ਹੜ੍ਹਾਂ ‘ਚ ਵੀ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਭਾਰੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਆਏ ਸਾਲ ਕਿਸਾਨ ਜਥੇਬੰਦੀਆਂ ਵਲੋਂ ਆਵਾਜ਼ ਚੁੱਕੀ ਜਾਂਦੀ ਪਰ ਸਰਕਾਰਾਂ ਨੀਅਤ ਨਾਲ ਕੰਮ ਨਹੀਂ ਕਰਦੀਆਂ ਤੇ ਨੁਕਸਾਨ ਆਮ ਲੋਕਾਂ ਦਾ ਹੁੰਦਾ ਹੈ। ਆਗੂਆਂ ਕਿਹਾ ਮਜੀਠਾ ਹਲਕਾ ਤੋਂ ਆਉਂਦੀ ਢਿੰਗ ਨੰਗਲ ਡਰੇਨ ਦੀ ਸਫਾਈ ਅਜੇ ਤੱਕ ਸ਼ੁਰੂ ਨਹੀਂ ਹੋਈ ਜਦਕਿ ਇਸਦੇ ਨਾਲ ਗੁਮਟਾਲਾ ਡਰੇਨ ਦੀ ਸਫਾਈ ਤਾਂ ਹੋ ਰਹੀ ਪਰ ਖੁਦਾਈ ਕੀਤੀ ਨੂੰ ਲਗਪਗ ਚਾਰ ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਸੀ ਪਹਿਲਾਂ ਵੀ ਇਨ੍ਹਾਂ ਮਸਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਡਰੇਨਜ ਮਹਿਕਮੇਂ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਪਰ ਇਹ ਜਨਤਕ ਮਸਲੇ ਹੱਲ ਨਹੀਂ ਹੋਏ। ਉਨ੍ਹਾਂ ਕਿਹਾ ਉਕਤ ਸਮੱਸਿਆਵਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਜੇਕਰ ਮਸਲੇ ਹੱਲ ਨਾ ਹੋਏ ਤਾਂ ਮਜਬੂਰਨ ਜਥੇਬੰਦੀ ਵਲੋਂ ਸੰਘਰਸ਼ ਕੀਤਾ ਜਾਵੇਗਾ ਜਿਸਦਾ ਜਿੰਮੇਵਾਰ ਸੰਬੰਧਿਤ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਸਾਂਘਣਾ, ਅਰਜਨ ਸਿੰਘ, ਹਰਚਰਨ ਸਿੰਘ, ਗੁਰਚਰਨ ਸਿੰਘ, ਸੁਮੀਤ ਸਿੰਘ ਤਰਕਸ਼ੀਲ ਸੁਸਾਇਟੀ, ਬਾਬਾ ਤਰਸੇਮ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪਿੰਡ ਤਰੋਬੜੀ ਢਾਣੀ ਦੇ ਇਕ ਪਰਿਵਾਰ ਦੇ ਘਰ ਆ ਕੇ ਇੱਟਾਂ ਨਾਲ ਕੀਤਾ ਗਿਆ ਹਮਲਾ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਆਲੇ-ਦੁਆਲੇ ਤੋਂ ਵਾਹਨ ਚੋਰੀ ਕਰਨ ਵਾਲਾ ਜੋੜਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।