06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਬੱਚਿਆਂ ਦੀ ਸਿੱਖਿਆ ’ਚ ਮਾਪਿਆਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ-ਸੁਜੀਤ ਸ਼ਰਮਾ

ਅਜੀਤ ਡੈਸਕ 18-06-2026
ਅੰਮ੍ਰਿਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਜਿ.) ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਸਿਰਫ਼ ਆਰਾਮ ਅਤੇ ਮਨੋਰੰਜਨ ਦਾ ਸਮਾਂ ਹੀ ਨਹੀਂ ਹੁੰਦੀਆਂ, ਸਗੋਂ ਬੱਚਿਆਂ ਦੇ ਬੌਧਿਕ ਅਤੇ ਵਿੱਦਿਅਕ ਵਿਕਾਸ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੁਨਹਿਰਾ ਮੌਕਾ ਵੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ‘ਚ ਸਿੱਖਿਆ ਦਾ ਪੱਧਰ ਲਗਾਤਾਰ ਮੁਕਾਬਲੇ ਵਾਲਾ ਬਣਦਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ‘ਚ ਵਿਦਿਆਰਥੀਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਛੁੱਟੀਆਂ ਦੌਰਾਨ ਵੀ ਆਪਣੀ ਪੜ੍ਹਾਈ ਨਾਲ ਜੁੜੇ ਰਹਿਣ। ਸੁਜੀਤ ਸ਼ਰਮਾ ਨੇ ਕਿਹਾ ਕਿ ਮਾਪੇ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ, ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਹਰ ਰੋਜ਼ ਕੁਝ ਸਮਾਂ ਪੜ੍ਹਾਈ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀਆਂ ਵਿੱਦਿਅਕ ਗਤੀਵਿਧੀਆਂ ਉੱਤੇ ਨਿਯਮਿਤ ਨਜ਼ਰ ਰੱਖਣ, ਤਾਂ ਬੱਚਿਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਿੱਖਣ ਦੀ ਯੋਗਤਾ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਇਕ ਤੋਂ ਦੋ ਘੰਟੇ ਦਾ ਨਿਯਮਿਤ ਅਧਿਐਨ ਵਿਦਿਆਰਥੀਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ, ਮਨੋਰੰਜਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦੇ ਨਾਲ-ਨਾਲ ਆਪਣੀਆਂ ਕਿਤਾਬਾਂ, ਆਮ ਗਿਆਨ, ਲਿਖਣ ਅਤੇ ਪੜ੍ਹਨ ਦੀਆਂ ਆਦਤਾਂ ਨੂੰ ਵੀ ਜਾਰੀ ਰੱਖਣ। ਇਹੀ ਆਦਤਾਂ ਭਵਿੱਖ ਵਿਚ ਉਨ੍ਹਾਂ ਦੀ ਸਫਲਤਾ ਦੀ ਮਜ਼ਬੂਤ ਨੀਂਹ ਸਾਬਤ ਹੋਣਗੀਆਂ। ਰਾਸਾ ਪੰਜਾਬ ਦੇ ਮਹਾਸਚਿਵ ਨੇ ਕਿਹਾ ਕਿ ਸਿੱਖਿਆ ਸਿਰਫ਼ ਪ੍ਰੀਖਿਆਵਾਂ ਪਾਸ ਕਰਨ ਦਾ ਸਾਧਨ ਨਹੀਂ, ਸਗੋਂ ਇਕ ਚੰਗੇ ਨਾਗਰਿਕ ਤੇ ਮਜ਼ਬੂਤ ਸਮਾਜ ਦੀ ਸਿਰਜਣਾ ਦਾ ਅਧਾਰ ਹੈ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਲਈ ਘਰ ਵਿਚ ਅਜਿਹਾ ਸਕਾਰਾਤਮਕ ਅਤੇ ਪੜ੍ਹਾਈ-ਅਨੁਕੂਲ ਮਾਹੌਲ ਤਿਆਰ ਕਰਨ, ਜਿਸ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਯਕੀਨੀ ਬਣ ਸਕੇ ਅਤੇ ਉਹ ਨਵੇਂ ਸਿੱਖਿਆ ਸੈਸ਼ਨ ਵਿਚ ਨਵੀਂ ਊਰਜਾ, ਉਤਸ਼ਾਹ ਤੇ ਆਤਮ-ਵਿਸ਼ਵਾਸ ਨਾਲ ਪ੍ਰਵੇਸ਼ ਕਰ ਸਕਣ।
ਪਿਛਲੀ ਖ਼ਬਰ ਪਾਕਿ ਨੇ ਭਾਰਤੀ ਜਹਾਜ਼ਾਂ ’ਤੇ ਪਾਬੰਦੀ 24 ਜੁਲਾਈ ਤੱਕ ਵਧਾਉਣ ਲਈ ਨੋਟਸ ਕੀਤਾ ਜਾਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਨੈਤਿਕ ਆਧਾਰ ’ਤੇ ਅਸਤੀਫ਼ੇ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।