ਅੰਮ੍ਰਿਤਸਰ, 17 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ‘ਚ ਬਣੀ ਤਣਾਅ ਵਾਲੀ ਸਥਿਤੀ ‘ਚ ਕੋਈ ਸੁਧਾਰ ਨਾ ਹੋਣ ਕਰਕੇ ਪਾਕਿਸਤਾਨ ਏਅਰਪੋਰਟ ਅਥਾਰਿਟੀ (ਪੀ. ਏ. ਏ.) ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ‘ਤੇ ਪਾਬੰਦੀ 24 ਜੁਲਾਈ ਸਵੇਰੇ 4:59 ਵਜੇ ਤੱਕ ਵਧਾਉਣ ਬਾਰੇ ਹਵਾਈ ਕਰਮਚਾਰੀਆਂ ਨੂੰ ਨੋਟਿਸ (ਨੋਟਮ) ਜਾਰੀ ਕੀਤਾ ਹੈ। ਭਾਰਤੀ ਜਹਾਜ਼ਾਂ ਲਈ ਪਿਛਲੀ ਪਾਬੰਦੀ ਬੀਤੇ ਦਿਨ 16 ਜੂਨ ਨੂੰ ਸ਼ਾਮ 5:50 ਵਜੇ ਖ਼ਤਮ ਹੋਈ। ਦੱਸਣਯੋਗ ਹੈ ਕਿ ਪਾਕਿ ਨੇ ਪਹਿਲਾਂ 23 ਅਪ੍ਰੈਲ 2025 ਤੋਂ ਇਕ ਮਹੀਨੇ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਇਹ ਸਮਾਂ-ਹੱਦ ਹਰ ਮਹੀਨੇ ਵਧਾਈ ਜਾ ਰਹੀ ਹੈ। ਪਾਕਿ ਏਵੀਏਸ਼ਨ ਡਿਵੀਜ਼ਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਿਕ ਇਸ ਪਾਬੰਦੀ ਦਾ ਉਦੇਸ਼ ਪਾਕਿ ਦੇ ਹਵਾਈ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਾਬੰਦੀ ਸਿਰਫ਼ ਭਾਰਤੀ ਜਹਾਜ਼ਾਂ ‘ਤੇ ਲਾਗੂ ਹੋਵੇਗੀ। ਜਦੋਂਕਿ ਪਾਕਿ ਦਾ ਹਵਾਈ ਖੇਤਰ ਹੋਰ ਸਾਰੀਆਂ ਕੌਮਾਂਤਰੀ ਉਡਾਣਾਂ ਲਈ ਖੁੱਲ੍ਹਾ ਰਹੇਗਾ। ਪੀ. ਏ. ਏ. ਮੁਤਾਬਿਕ ਪਾਕਿ ਦੇ ਲਗਾਤਾਰ ਹਵਾਈ ਖੇਤਰ ਬੰਦ ਕਰਨ ਨਾਲ ਭਾਰਤੀ ਏਅਰਲਾਈਨਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ, ਜਿਨ੍ਹਾਂ ਨੂੰ ਅਪ੍ਰੈਲ 2025 ਤੋਂ ਲੰਬੇ ਮਾਰਗਾਂ ‘ਤੇ ਉਡਾਣਾਂ ਨੂੰ ਮੁੜ-ਰੂਟ ਕਰਨ ਲਈ ਮਜਬੂਰ ਕੀਤਾ ਗਿਆ ਹੈ। ਇਨ੍ਹਾਂ ਕਾਰਨਾਂ ਕਰਕੇ ਭਾਰਤੀ ਕੈਰੀਅਰਾਂ ਨੂੰ ਅਰਬਾਂ ਰੁਪਏ ਦਾ ਵਾਧੂ ਈਧਨ ਅਤੇ ਸੰਚਾਲਨ ਖ਼ਰਚਿਆਂ ‘ਚ ਨੁਕਸਾਨ ਪਹੁੰਚ ਰਿਹਾ ਹੈ। ਦੱਸਣਯੋਗ ਹੈ ਕਿ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਤਣਾਅ ਭੜਕਣ ਦੇ ਨਤੀਜੇ ਵਜੋਂ ਭਾਰਤ ਨੇ 23 ਅਪ੍ਰੈਲ 2025 ਨੂੰ ਪਾਕਿ ਲਈ ਆਪਣਾ ਹਵਾਈ ਖੇਤਰ ਇਕ ਮਹੀਨੇ ਲਈ ਬੰਦ ਕੀਤਾ ਸੀ। ਇਸ ਤੋਂ ਬਾਅਦ ਪਾਕਿ ਨੇ ਜਵਾਬੀ ਕਾਰਵਾਈ ਕੀਤੀ। ਇਸ ਤੋਂ ਪਹਿਲਾਂ ਸਾਲ 1999 ਦੇ ਕਾਰਗਿਲ ਹਮਲੇ ਦੌਰਾਨ ਅਤੇ ਫਿਰ 2019 ‘ਚ ਪੁਲਵਾਮਾ ਹਮਲੇ ਤੋਂ ਬਾਅਦ ਵੀ ਪਾਕਿ ਨੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ।