07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅੰਮ੍ਰਿਤਸਰ ’ਚ ਵੱਡੀ ਅੱਤਵਾਦੀ ਘਟਨਾ ਟਲੀ : ਆਈ.ਐੱਸ.ਆਈ. ਦਾ ਕਾਰਕੁੰਨ ਹੈਂਡ ਗ੍ਰਨੇਡ ਤੇ ਪਿਸਤੌਲ ਸਮੇਤ ਕਾਬੂ

ਅਜੀਤ ਡੈਸਕ 17-07-2026

ਅੰਮ੍ਰਿਤਸਰ, 16 ਜੁਲਾਈ (ਰੇਸ਼ਮ ਸਿੰਘ)-ਅੰਮ੍ਰਿਤਸਰ ‘ਚ ਇਕ ਵੱਡੀ ਅੱਤਵਾਦੀ ਘਟਨਾ ਨੂੰ ਰੋਕਣ ‘ਚ ਪੰਜਾਬ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ ਜਦੋਂ ਕਿ ਪਾਕਿ ਦੀ ਬਦਨਾਮ ਏਂਜਸੀ ਆਈ.ਐੱਸ.ਆਈ. ਦੇ ਕਾਰਕੁੰਨ ਨੂੰ ਇਕ ਹੈਂਡ ਗ੍ਰਨੇਡ, 9 ਐੱਮ.ਐੱਮ. ਦੇ ਵਿਦੇਸ਼ੀ ਪਿਸਤੌਲ ਤੇ 4 ਜਿੰਦਾ ਰੌਂਦ ਸਮੇਤ ਕਾਬੂ ਕਰ ਲਿਆ ਗਿਆ ਹੈ। ਇਸ ਤਰ੍ਹਾਂ ਪੁਲਿਸ ਨੇ ਸਰਹੱਦ ਪਾਰ ਦੀ ਅੱਤਵਾਦ ਦੀ ਇਕ ਹੋਰ ਘਿਣਾਉਣੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਇਹ ਖੁਲਾਸਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ। ਜਿਨ੍ਹਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਸੁਮਿਤ ਕੁਮਾਰ ਉਰਫ਼ ਪੰਡਿਤ (24) ਵਾਸੀ ਪਿੰਡ ਸੁਖਸਾਲ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਮੌਜੂਦਾ ਸਮੇਂ ਉਹ ਇਥੇ ਅੰਮ੍ਰਿਤਸਰ ਦਿਹਾਤੀ ਖੇਤਰ ਦੇ ਪਿੰਡ ਪੰਡੋਰੀ ਵੜੈਚ ਵਿਖੇ ਰਹਿ ਰਿਹਾ ਸੀ। ਹੈਂਡ ਗ੍ਰਨੇਡ ਅਤੇ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਸੀ. ਪੀ. ਸ: ਭੁੱਲਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਇੰਸਟਾਗ੍ਰਾਮ ਰਾਹੀਂ ਸਰਹੱਦ ਪਾਰ ਦੇ ਆਈ.ਐੱਸ.ਆਈ. ਹੈਂਡਲਰਾਂ ਦੇ ਸੰਪਰਕ ਵਿਚ ਸੀ ਅਤੇ ਉਸ ਨੂੰ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਲਈ ਪੁਲਿਸ ਅਦਾਰਿਆਂ ਅਤੇ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸ ਵਿਚ ਸ਼ਾਮਿਲ ਹੋਰ ਸਹਿਯੋਗੀਆਂ ਤੇ ਹੈਂਡਲਰਾਂ ਦੀ ਪਛਾਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸ: ਭੁੱਲਰ ਨੇ ਦੱਸਿਆ ਕਿ ਪੁਖਤਾ ਖੁਫ਼ੀਆ ਜਾਣਕਾਰੀ ਅਤੇ ਤਕਨੀਕੀ ਨਿਗਰਾਨੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸੁਮਿਤ ਕੁਮਾਰ ਉਰਫ਼ ਪੰਡਿਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ਼ੁਰੂ ਵਿਚ ਉਸ ਦੇ ਕਬਜ਼ੇ ਵਿਚੋਂ ਇਕ ਗਲਾਕ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਹੋਏ। ਗ੍ਰਿਫ਼ਤਾਰ ਮੁਲਜ਼ਮ ਦੇ ਖੁਲਾਸਿਆਂ ਦੇ ਅਧਾਰ ‘ਤੇ ਪੁਲਿਸ ਟੀਮਾਂ ਨੇ ਇਕ ਹੋਰ ਹੈਂਡ ਗ੍ਰਨੇਡ ਬਰਾਮਦ ਕੀਤਾ, ਜਿਸ ਨਾਲ ਉਕਤ ਮੁਲਜ਼ਮ ਦੇ ਸਰਹੱਦ ਪਾਰ ਦੇ ਹੈਂਡਲਰਾਂ ਨਾਲ ਸੰਬੰਧਾਂ ਦਾ ਖੁਲਾਸਾ ਹੋਇਆ ਅਤੇ ਇਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਅਪਰਾਧਕ ਪਿਛੋਕੜ ਦੀ ਹੋਰ ਪੜਤਾਲ ਤੋਂ ਪਤਾ ਲੱਗਾ ਹੈ ਕਿ ਉਸ ਖ਼ਿਲਾਫ਼ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਅਪਰਾਧਕ ਮਾਮਲਾ ਦਰਜ ਹੈ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ, ਏ.ਡੀ.ਸੀ.ਪੀ., ਏ.ਡੀ.ਸੀ.ਪੀ. ਸ੍ਰੀਰੀਵੇਨੇਲਾ, ਇੰਸ: ਅਮੋਲਕਦੀਪ ਸਿੰਘ ਇੰਚਾਰਜ਼ ਸੀ.ਆਈ.ਏ. ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਅਸ਼ਵਨੀ ਕੁਮਾਰ (ਨਾਮੇਸ਼ਾਹ) ਭਾਰਤੀਯ ਵਪਾਰ ਮੰਡਲ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੀ ਫੀਸ ’ਤੇ 5 ਫ਼ੀਸਦੀ ਤੋਂ ਵੱਧ ਵਾਧੇ ’ਤੇ ਲਗਾਈ ਰੋਕ ਮਾਪਿਆਂ ਲਈ ਵੱਡੀ ਰਾਹਤ-ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।