06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਿਆਸੀ ਤੇ ਧਾਰਮਿਕ ਜਥੇਬੰਦੀਆਂ ਵਲੋਂ ਪੋਸਟਰ ਲਗਾਉਣ ਲਈ ਵਰਤੋਂ ’ਚ ਲਿਆਂਦੇ ਜਾ ਰਹੇ ਅੰਮ੍ਰਿਤਸਰ ਦੇ ਇਤਿਹਾਸਕ ਦਰਵਾਜ਼ੇ

ਅਜੀਤ ਡੈਸਕ 30-07-2026
ਅੰਮ੍ਰਿਤਸਰ, 29 ਜੁਲਾਈ (ਸੁਰਿੰਦਰ ਕੋਛੜ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਸਮੇਂ ਤਾਮੀਰ ਕਰਵਾਏ ਗਏ ਅੰਮ੍ਰਿਤਸਰ ਦੇ 12 ਵਿਸ਼ਾਲ ਇਤਿਹਾਸਕ ਦਰਵਾਜ਼ਿਆਂ ਨੂੰ ਢਾਹ ਕੇ ਉਨ੍ਹਾਂ ਦੇ ਸਥਾਨ ‘ਤੇ ਅੰਗਰੇਜ਼ੀ ਸਰਕਾਰ ਵੇਲੇ ਛੋਟੇ ਆਕਾਰ ਅਤੇ ਨਵੇਂ ਨਮੂਨੇ ਦੇ ਦਰਵਾਜ਼ੇ ਉਸਾਰੇ ਗਏ। ਇਤਿਹਾਸਕ ਦਰਵਾਜ਼ਿਆਂ ਦੇ ਸਥਾਨ ‘ਤੇ ਅੰਗਰੇਜ਼ੀ ਸਰਕਾਰ ਵੇਲੇ ਉਸਾਰੇ ਗਏ ਇਹ ਨਵੇਂ ਦਰਵਾਜ਼ਿਆਂ ‘ਚੋਂ ਦਰਵਾਜ਼ਾ ਲੋਹਗੜ੍ਹ, ਭਗਤਾਂ ਵਾਲਾ ਦਰਵਾਜ਼ਾ, ਦਰਵਾਜ਼ਾ ਗਿਲਵਾਲੀ, ਸ਼ੇਰਾਂ ਵਾਲਾ ਗੇਟ, ਬੇਰੀ ਗੇਟ, ਸਿਕੰਦਰੀ ਦਰਵਾਜ਼ਾ, ਦਰਵਾਜ਼ਾ ਘਿਉ ਮੰਡੀ ਅਤੇ ਦਰਵਾਜ਼ਾ ਮਹਾਂ ਸਿੰਘ ਪੂਰੀ ਤਰ੍ਹਾਂ ਅਲੋਪ ਹੋ ਚੁੱਕੇ ਹਨ, ਜਦੋਂ ਕਿ ਬਾਕੀ ਬਚੇ ਹਾਲ ਗੇਟ, ਲਾਹੌਰੀ ਦਰਵਾਜ਼ਾ, ਹਾਥੀ ਦਰਵਾਜ਼ਾ, ਖ਼ਜ਼ਾਨਾ ਗੇਟ, ਦਰਵਾਜ਼ਾ ਸੁਲਤਾਨਵਿੰਡ ਅਤੇ ਦਰਵਾਜ਼ਾ ਹਕੀਮਾਂ ਦੀਆਂ ਬੁਰਜੀਆਂ ‘ਚੋਂ ਵਧੇਰੇਤਰ ਦੀ ਵਰਤੋਂ ਮੌਜੂਦ ਸਮੇਂ ਸਿਆਸੀ, ਧਾਰਮਿਕ ਜਥੇਬੰਦੀਆਂ ਅਤੇ ਵਪਾਰਕ ਅਦਾਰਿਆਂ ਵਲੋਂ ਪੋਸਟਰ ਲਗਾਉਣ ਲਈ ਕੀਤੀ ਜਾ ਰਹੀ ਹੈ। ਹਾਲਾਂਕਿ, ਪੁਰਾਤਤਵ ਵਿਭਾਗ ਦੇ ਨਾਲ-ਨਾਲ ਨਗਰ ਨਿਗਮ ਕਮਿਸ਼ਨਰ ਵਲੋਂ ਇਨ੍ਹਾਂ ਦਰਵਾਜ਼ਿਆਂ ‘ਤੇ ਸੂਚਨਾ ਤਖ਼ਤੀਆਂ ਲਗਾ ਕੇ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਇਨ੍ਹਾਂ ‘ਤੇ ਕਿਸੇ ਵੀ ਕਿਸਮ ਦਾ ਪੋਸਟਰ/ਬੈਨਰ/ਬੋਰਡ/ਹੋਰਡਿੰਗ ਆਦਿ ਲਗਾਉਣ ਦੀ ਸਖ਼ਤ ਮਨਾਹੀ ਹੈ। ਪੰਜਾਬ ਮਿਊਂਸੀਪਲ ਐਕਟ-1976 ਦੀ ਧਾਰਾ 123 ਅਨੁਸਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ ਅਤੇ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। ਦੂਜੇ ਪਾਸੇ, ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ ਵਰ੍ਹੇ 2027 ‘ਚ ਅੰਮ੍ਰਿਤਸਰ ਸ਼ਹਿਰ ਦੀ ਮਨਾਈ ਜਾ ਰਹੀ 450ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ‘ਹੈਰੀਟੇਜ ਸਿਟੀ ਰੀਵੇਕਨਿੰਗ ਪ੍ਰੋਜੈਕਟ’ ਦੇ ਤਹਿਤ ਅੰਗਰੇਜ਼ੀ ਰਾਜ ਵੇਲੇ ਉਸਾਰੇ ਗਏ ਅੰਮ੍ਰਿਤਸਰ ਦੇ ਦਰਵਾਜ਼ਿਆਂ ‘ਚੋਂ 5 ਦਰਵਾਜ਼ਿਆਂ ਦੀ ਨਵਉਸਾਰੀ ਕਰਵਾਈ ਜਾਵੇਗੀ। ‘ਹੈਰੀਟੇਜ ਸਿਟੀ ਰੀਵੇਕਨਿੰਗ ਪ੍ਰੋਜੈਕਟ’ ਦੀ ਰਿਪੋਰਟ ਮੁਤਾਬਿਕ ਅੰਮ੍ਰਿਤਸਰ ‘ਚ ਬਚੇ ਰਹਿ ਗਏ 8 ਦਰਵਾਜ਼ਿਆਂ ‘ਚੋਂ ਫਿਲਹਾਲ 10 ਕਰੋੜ ਰੁਪਇਆਂ ਦੀ ਲਾਗਤ ਨਾਲ ਸਿਰਫ਼ 5 ਦਰਵਾਜ਼ਿਆਂ ਦੀ ਹਾਲਤ ਸੁਧਾਰੀ ਜਾਵੇਗੀ।
1870 ਦੇ ਆਸ-ਪਾਸ ਢਾਹੇ ਗਏ ਇਤਿਹਾਸਕ ਦਰਵਾਜ਼ੇ
ਸੰਨ 1870 ਦੇ ਆਸ-ਪਾਸ ਅੰਗਰੇਜ਼ੀ ਸਰਕਾਰ ਵੇਲੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਵਾਏ ਅੰਮ੍ਰਿਤਸਰ ਦੇ ਦਰਵਾਜ਼ਿਆਂ ‘ਚੋਂ ਦਰਵਾਜ਼ਾ ਰਾਮ ਬਾਗ ਦੀ ਬਾਹਰੀ ਡਿਉੜੀ ਨੂੰ ਛੱਡ ਕੇ ਬਾਕੀ ਸਭ ਇਤਿਹਾਸਕ ਦਰਵਾਜ਼ਿਆਂ ਨੂੰ ਢਾਹ ਦਿੱਤਾ ਗਿਆ। ਮਹਾਂ ਸਿੰਘ ਗੇਟ ਅਤੇ ਦਰਵਾਜ਼ਾ ਰਾਮ ਬਾਗ ਨੂੰ ਸਭ ਦਰਵਾਜ਼ਿਆਂ ਦੇ ਆਖੀਰ ‘ਚ ਸੰਨ 1892 ‘ਚ ਢਾਹਿਆ ਗਿਆ।
ਬਦਲ ਗਏ ਦਰਵਾਜ਼ਿਆਂ ਦੇ ਪੁਰਾਣੇ ਨਾਂਅ
ਅੰਗਰੇਜ਼ੀ ਰਾਜ ਵੇਲੇ ਸ਼ਹਿਰ ਦੇ ਪੁਰਾਣੇ ਇਤਿਹਾਸਕ ਦਰਵਾਜ਼ਿਆਂ ਦੇ ਨਾਂ ਵੀ ਬਦਲ ਦਿੱਤੇ ਗਏ। ਜਿਸ ਦੇ ਚੱਲਦਿਆਂ ਦਰਵਾਜ਼ਾ-ਏ-ਡਿਉੜੀ ਸ਼ਹਿਜ਼ਾਦਾ ਨੂੰ ਹਾਥੀ ਦਰਵਾਜ਼ਾ, ਦਰਵਾਜ਼ਾ-ਏ-ਡਿਉੜੀ ਰੰਗੜ ਨੰਗਲੀਆਂ ਨੂੰ ਭਗਤਾਂ ਵਾਲਾ ਦਰਵਾਜ਼ਾ, ਦਰਵਾਜ਼ਾ ਰਾਮਗੜ੍ਹੀਆ ਨੂੰ ਚਾਟੀਵਿੰਡ ਗੇਟ, ਦਰਵਾਜ਼ਾ-ਏ-ਦੋਬੁਰਜੀ (ਤੋਪਾਂ ਵਾਲਾ ਦਰਵਾਜ਼ਾ/ ਦਰਵਾਜ਼ਾ-ਏ-ਦਿੱਲੀ ਨੂੰ ਸੁਲਤਾਨਵਿੰਡ ਗੇਟ, ਦਰਵਾਜ਼ਾ-ਏ-ਆਹਲੂਵਾਲੀਆ ਨੂੰ ਦਰਵਾਜ਼ਾ ਘਿਉ ਮੰਡੀ ਅਤੇ ਦਰਵਾਜ਼ਾ-ਏ-ਡਿਉੜੀ ਕਲਾਂ ਨੂੰ ਮਹਾਂ ਸਿੰਘ ਗੇਟ ਕਿਹਾ ਜਾਣ ਲੱਗਾ।
ਅੰਗਰੇਜ਼ੀ ਰਾਜ ਵੇਲੇ ਉਸਾਰੇ ਗਏ 4 ਨਵੇਂ ਦਰਵਾਜ਼ੇ
ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਜਿੱਥੇ ਅੰਗਰੇਜ਼ ਸਰਕਾਰ ਨੇ ਪੁਰਾਣੇ ਇਤਿਹਾਸਕ ਦਰਵਾਜ਼ੇ ਢਾਹ ਕੇ ਨਵੇਂ ਦਰਵਾਜ਼ਿਆਂ ਦੀ ਉਸਾਰੀ ਕਰਵਾਈ, ਉੱਥੇ ਹੀ 4 ਨਵੇਂ ਦਰਵਾਜ਼ੇ ਵੀ ਉਸਾਰੇ ਗਏ। ਸਥਾਨਕ ਹਾਲ ਗੇਟ ਸੰਨ 1876 ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਰਨਲ ਸੀ. ਐੱਚ. ਹਾਲ ਵਲੋਂ ਆਪਣੇ ਨਾਂਅ ‘ਤੇ ਉਸਾਰਿਆ ਗਿਆ। ਹਾਲ ਗੇਟ ਤੇ ਹਾਥੀ ਗੇਟ ਦੇ ਵਿਚਕਾਰ ਨਵਾਂ ਰਸਤਾ ਕੱਢਣ ਲਈ ਸੰਨ 1940 ‘ਚ ਸਰ ਸਿਕੰਦਰ ਹਯਾਤ ਖ਼ਾਨ ਦੇ ਨਾਂਅ ‘ਤੇ ਸਿਕੰਦਰੀ ਦਰਵਾਜ਼ਾ ਬਣਾਇਆ ਗਿਆ। ਸੰਨ 1876 ‘ਚ ਦਰਵਾਜ਼ਾ ਲੋਹਗੜ੍ਹ ਤੇ ਦਰਵਾਜ਼ਾ ਲਾਹੌਰੀ ਦੇ ਵਿਚਕਾਰ ਰਸਤਾ ਦੇਣ ਲਈ ਬੇਰੀ ਗੇਟ ਬਣਾਇਆ ਗਿਆ ਅਤੇ ਸੰਨ 1940 ‘ਚ ਦਰਵਾਜ਼ਾ ਘਿਉ ਮੰਡੀ ਤੇ ਦਰਵਾਜ਼ਾ ਮਹਾਂ ਸਿੰਘ ਦੇ ਵਿਚਕਾਰ ਸ਼ੇਰਾਂ ਵਾਲਾ ਗੇਟ ਬਣਾਇਆ ਗਿਆ।
ਪਿਛਲੀ ਖ਼ਬਰ ‘ਰੇਲ ਵਨ ਐਪ’ ਦੀ ਵਰਤੋਂ ਕਰਕੇ ਟਿਕਟ ਖਰੀਦਣ ਦੀ ਮਹੱਤਤਾ ਤੋਂ ਯਾਤਰੀਆਂ ਨੂੰ ਜਾਣੂ ਕਰਵਾਇਆ ਅਗਲੀ ਖ਼ਬਰ ਜੇਲ੍ਹ ਵਿਚੋਂ 3 ਮੋਬਾਈਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।