ਅੰਮ੍ਰਿਤਸਰ ਹਵਾਈ ਅੱਡੇ ’ਤੇ ਬੈਗੇਜ ਰੈਪਿੰਗ ਦੀ ਸਹੂਲਤ ਇਕ ਸਾਲ ਤੋਂ ਬੰਦ, ਯਾਤਰੀ ਹੋ ਰਹੇ ਪ੍ਰੇਸ਼ਾਨ
ਰਾਜਾਸਾਂਸੀ, 17 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਬੈਗਾਂ ਨੂੰ ਪਲਾਸਟਿਕ ਦੀ ਟੇਪ ਨਾਲ ਸੁਰੱਖਿਅਤ ਢੰਗ ਨਾਲ ਕਵਰ ਕਰਨ ਦੀ ਸਹੂਲਤ ਬੰਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।
ਰਾਜਾਸਾਂਸੀ, 17 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਬੈਗਾਂ ਨੂੰ ਪਲਾਸਟਿਕ ਦੀ ਟੇਪ ਨਾਲ ਸੁਰੱਖਿਅਤ ਢੰਗ ਨਾਲ ਕਵਰ ਕਰਨ ਦੀ ਸਹੂਲਤ ਬੰਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੈਗੇਜ ਰੈਪਿੰਗ ਦੀ ਸੇਵਾ (ਯਾਤਰੀਆਂ ਦੇ ਸਾਮਾਨ ਨੂੰ ਪਲਾਸਟਿਕ ਫਿਲਮ ਨਾਲ ਕਵਰ) ਕਰਨ ਰਾਹੀਂ ਯਾਤਰੀ ਆਪਣੇ ਸਾਮਾਨ ਵਾਲੇ ਬੈਗਾਂ ਨੂੰ ਵਿਸ਼ੇਸ਼ ਪਲਾਸਟਿਕ ਫਿਲਮ ਨਾਲ ਚੰਗੀ ਤਰ੍ਹਾਂ ਲਪੇਟ ਕੇ ਸੁਰੱਖਿਅਤ ਕਰਵਾ ਸਕਦੇ ਹਨ। ਇਸ ਨਾਲ ਸਫ਼ਰ ਦੌਰਾਨ ਬੈਗਾਂ ਨੂੰ ਖੁੱਲ੍ਹਣ, ਨੁਕਸਾਨ ਪਹੁੰਚਣ ਅਤੇ ਸਾਮਾਨ ਨਾਲ ਛੇੜਛਾੜ ਹੋਣ ਦੇ ਖ਼ਦਸ਼ੇ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਇਸ ਹਵਾਈ ਅੱਡੇ ’ਤੇ ਇਹ ਅਹਿਮ ਸਹੂਲਤ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਆਪਣੇ ਬੈਗਾਂ ਦੀ ਪੈਕਿੰਗ ਲਈ ਹੋਰ ਬਦਲਵੇਂ ਪ੍ਰਬੰਧ ਕਰਨੇ ਪੈ ਰਹੇ ਹਨ। ਖ਼ਾਸ ਕਰਕੇ ਵਿਦੇਸ਼ਾਂ ਨੂੰ ਜਾਣ ਵਾਲੇ ਯਾਤਰੀ ਇਸ ਸਹੂਲਤ ਦੀ ਕਮੀ ਮਹਿਸੂਸ ਕਰ ਰਹੇ ਹਨ । ਯਾਤਰੀਆਂ ਦਾ ਕਹਿਣਾ ਹੈ ਕਿ ਜਦੋਂ ਹਵਾਈ ਅੱਡੇ ’ਤੇ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ ਹੈ ਤਾਂ ਅਜਿਹੀ ਬੁਨਿਆਦੀ ਸਹੂਲਤ ਦਾ ਲੰਬੇ ਸਮੇਂ ਤੋਂ ਬੰਦ ਰਹਿਣਾ ਸਮਝ ਤੋਂ ਬਾਹਰ ਹੈ। ਯਾਤਰੀਆਂ ਨੇ ਹਵਾਈ ਅੱਡਾ ਪ੍ਰਬੰਧਕਾਂ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੈਗੇਜ ਰੈਪਿੰਗ ਸੇਵਾ ਨੂੰ ਜਲਦ ਤੋਂ ਜਲਦ ਮੁੜ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਟੈਂਡਰ ਰਿਕਾਰਡ ਮੁਤਾਬਕ ਇਹ ਸੇਵਾ ਚਲਾਉਣ ਲਈ ਠੇਕੇਦਾਰ ਜਾਂ ਲਾਇਸੈਂਸਧਾਰਕ ਦੀ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸੇਵਾ ਦਾ ਮੁੱਦਾ ਠੇਕੇ ਅਤੇ ਲਾਇਸੈਂਸ ਨਾਲ ਜੁੜਿਆ ਹੋ ਸਕਦਾ। ਹੁਣ ਦੇਖਣਾ ਇਹ ਹੋਵੇਗਾ ਕਿ ਹਵਾਈ ਅੱਡਾ ਪ੍ਰਬੰਧਕ ਇਸ ਸਮੱਸਿਆ ਵੱਲ ਕਦੋਂ ਧਿਆਨ ਦਿੰਦੇ ਹਨ ਅਤੇ ਯਾਤਰੀਆਂ ਨੂੰ ਇਹ ਸਹੂਲਤ ਮੁੜ ਕਦੋਂ ਨਸੀਬ ਹੁੰਦੀ ਹੈ। ਇਸ ਸਬੰਧੀ ਜਦ ਹਵਾਈ ਅੱਡੇ ਦੇ ਡਾਇਰੈਕਟਰ ਕੇ ਐਮ ਨਹਿਰਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿ ਇਸ ਦੇ ਨਵੇਂ ਟੈਂਡਰ ਲਈ ਆਦੇਸ਼ ਜਾਰੀ ਕੀਤੇ ਗਏ ਹਨ ਪਰ ਏਥੇ ਹੇਠਲੇ ਪੱਧਰ ਦੇ ਜਿਆਦਾ ਯਾਤਰੀ ਹੋਣ ਕਾਰਣ ਇਸ ਦਾ ਕੰਮ ਘੱਟ ਹੈ ਇਸ ਕਰਕੇ ਕੇਈ ਵੀ ਠੇਕੇਦਾਰ ਕੰਮ ਲੈਣ ਨੂੰ ਤਿਆਰ ਨਹੀਂ।