ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)-ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪੱਟੀ (ਤਰਨ ਤਾਰਨ) ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਨੌਜਵਾਨਾਂ ਨੂੰ ਏ.ਆਰ.ਓ. ਜਲੰਧਰ ਦੀ ਆਰਮੀ ਅਗਨੀਵੀਰ ਭਰਤੀ ਦੇ ਲਿਖਤੀ ਪੇਪਰ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਚੁੱਕਾ ਹੈ | ਇਹ ਜਾਣਕਾਰੀ ਦਿੰਦਿਆਂ ਅਧਿਕਾਰੀ ਕੈਂਪਟਨ ਗੁਰਦਰਸ਼ਨ ਸਿੰਘ ਸਿਖਲਾਈ ਸੀ-ਪਾਈਟ ਕੈਂਪ ਪੱਟੀ (ਤਰਨ ਤਾਰਨ) ਨੇ ਦੱਸਿਆ ਕਿ ਏ.ਆਰ.ਓ. ਜਲੰਧਰ ਦੀ ਆਰਮੀ ਅਗਨੀਵੀਰ ਭਰਤੀ ਲਈ ਆਨਲਾਈਨ ਅਪਲਾਈ ਮਿਤੀ 13 ਫਰਵਰੀ 2026 ਤੋਂ 1 ਅਪ੍ਰੈਲ 2026 ਤੱਕ ਕੀਤਾ ਜਾ ਸਕਦਾ ਹੈ | ਭਰਤੀ ਹੋਣ ਦੇ ਚਾਹਵਾਨ ਯੁਵਕ ਵਿਭਾਗ ਦੀ ਵੈੱਬ ਸਾਈਟ ਤੇ ਮਿਤੀ 1 ਅਪ੍ਰੈਲ 2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ | ਉਨ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਨਲਾਈਨ ਅਪਲਾਈ ਕਰਨ ਉਪਰੰਤ ਸੀ-ਪਾਈਟ ਕੈਂਪ ਪੱਟੀ (ਤਰਨ ਤਾਰਨ) ਵਿਖੇ ਆ ਕੇ ਲਿਖਤੀ ਪੇਪਰ ਦੀ ਮੁਫਤ ਤਿਆਰੀ ਕਰਨ | ਉਨ੍ਹਾਂ ਦੱਸਿਆ ਕਿ ਲਿਖਤੀ ਪੇਪਰ ਦੀ ਤਿਆਰੀ ਤਜ਼ਰਬੇਕਾਰ ਅਧਿਆਪਕਾਂ ਵਲੋਂ ਕਰਵਾਈ ਜਾਂਦੀ ਹੈ | ਤਰਨ ਤਾਰਨ ਜ਼ਿਲ੍ਹੇ ਦੇ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਮਿਤੀ 16 ਫਰਵਰੀ 2026 ਤੋਂ ਕਿਸੇ ਵੀ ਦਿਨ ਸਵੇਰੇ 9 ਵਜੇ ਨਿੱਜੀ ਤੌਰ 'ਤੇ ਸੀ-ਪਾਈਟ ਕੈਂਪ ਪੱਟੀ (ਤਰਨ ਤਾਰਨ) ਵਿਖੇ ਦਸਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਭਰਤੀ ਲਈ ਆਨਲਾਈਨ ਅਪਲਾਈ ਕੀਤੇ ਫਾਰਮ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਜਾਤੀ ਸਰਟੀਫਿਕੇਟ ਅਤੇ ਰੈਜੀਡੈਂਸੀ ਸਰਟੀਫਿਕੇਟ ਦੀ ਫੋਟੋ ਕਾਪੀ ਅਤੇ 2 ਤਾਜਾ ਪਾਸਪੋਰਟ ਸਾਈਜ ਫੋਟੋਆਂ ਸਮੇਤ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਕੇ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ |