ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)- ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ 66 ਕੇ.ਵੀ.ਬਿਜਲੀ ਘਰ ਲੌਹੁਕਾ ਵਿਖੇ ਜਥੇਬੰਦੀ ਨੇ ਪੱਟੀ ਡਵੀਜ਼ਨ ਦੀ ਚੋਣ ਕਰਨ ਲਈ ਆਗੂਆਂ ਦੀ ਇਕੱਤਰਤਾ ਇੰਜੀਨੀਅਰ ਸਰਵਰਿੰਦਰ ਸਿੰਘ ਏ.ਏ.ਈ. ਦੀ ਪ੍ਰਧਾਨਗੀ ਹੇਠ ਕੀਤੀ | ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਸਰਕਲ ਸਕੱਤਰ ਪੂਰਨ ਦਾਸ ਨੇ ਉਚੇਚੇ ਤੌਰ 'ਤੇ ਹਿੱਸਾ ਲਿਆ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਗੰਡੀਵਿੰਡ ਨੇ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਵਲੋਂ ਅਦਾਰੇ ਦੀ ਬਡੂੰਗਰ (ਪਟਿਆਲਾ) ਸਥਿਤ 50 ਏਕੜ ਜ਼ਮੀਨ ਦੀ ਮਾਲਕੀ ਪੁੱਡਾ ਦੇ ਨਾਮ ਤਬਦੀਲ ਕਰਨ ਦੀ ਜੋਰਦਾਰ ਨਿੰਦਾ ਕੀਤੀ | ਗੰਡੀਵਿੰਡ ਨੇ ਕਿਹਾ ਕੇ ਅਦਾਰੇ ਦੇ ਸੀ.ਐੱਮ.ਡੀ. ਡਾ.ਬਸੰਤ ਗਰਗ ਆਈ.ਏ.ਐੱਸ. ਨੇ 14 ਜਨਵਰੀ ਨੂੰ ਗੈਸਟ ਹਾਊਸ ਮੁਹਾਲੀ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਪੂਰੀ ਮੈਨੇਜਮੈਂਟ ਦੀ ਹਾਜ਼ਰੀ ਵਿਚ ਭਰੋਸਾ ਦਿੱਤਾ ਸੀ ਕੇ ਅਦਾਰੇ ਦੀ ਕੋਈ ਵੀ ਜਾਇਦਾਦ ਨਹੀਂ ਵੇਚੀ ਜਾ ਰਹੀ ਪਰ ਹੁਣ ਮੈਨੇਜਮੈਂਟ ਨੇ ਵਾਅਦਾ ਖਿਲਾਫ਼ੀ ਕਰਦਿਆਂ ਜ਼ਮੀਨ ਦੀ ਮਾਲਕੀ ਤਬਦੀਲ ਕਰਕੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨਾਲ ਧੋਖਾ ਕੀਤਾ ਹੈ | ਇਸ ਮੌਕੇ ਸਰਕਲ ਸਕੱਤਰ ਪੂਰਨ ਦਾਸ ਨੇ ਬਿਜਲੀ ਸੋਧ ਬਿੱਲ 2025 ਦੇ ਲੋਕ ਵਿਰੋਧੀ ਘਾਤਕ ਖਰੜੇ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਮੋਦੀ ਸਰਕਾਰ ਦੀਆਂ ਪੂੰਜੀਪਤੀਆਂ ਦੇ ਹਿੱਤ ਪੂਰਨ ਵਾਲੀਆ ਨੀਤੀਆਂ ਵਿਰੁੱਧ ਬੀਤੇ ਕੱਲ੍ਹ ਹੋਈ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਬਿਜਲੀ ਕਾਮਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਬੁਲਾਰਿਆਂ ਨੇ 19 ਫੀਸਦੀ ਮਹਿੰਗਾਈ ਭੱਤਾ ਜਾਰੀ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਟਾਲਾ ਵੱਟਣ ਸਮੇਤ ਕੱਚੇ ਕਾਮੇ ਪੱਕੇ ਨਾ ਕਰਨ ਲਈ ਪੰਜਾਬ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ | ਅਖੀਰ ਸਰਵਰਿੰਦਰ ਸਿੰਘ ਵਲੋਂ ਪੁਰਾਣੀ ਡਵੀਜ਼ਨ ਕਮੇਟੀ ਭੰਗ ਕਰਨ ਉਪਰੰਤ ਸੂਬਾ ਪ੍ਰਧਾਨ ਗੰਡੀਵਿੰਡ ਨੇ 9 ਮੈਂਬਰੀ ਨਵੀਂ ਕਮੇਟੀ ਦਾ ਪੈਨਲ ਹਾਜ਼ਰੀਨ ਸਾਹਮਣੇ ਪੇਸ਼ ਕੀਤਾ | ਜਿਸ ਵਿਚ ਸ੍ਰਪ੍ਰਸਤ ਇੰਜੀ. ਸਰਵਰਿੰਦਰ ਸਿੰਘ, ਪ੍ਰਧਾਨ ਗੁਰਨਾਮ ਸਿੰਘ ਪੰਡੋਰੀ, ਸੀਨੀ. ਮੀਤ ਪ੍ਰਧਾਨ ਸਰਬਜੀਤ ਸਿੰਘ ਜਵੰਦਾ, ਮੀਤ ਪ੍ਰਧਾਨ ਕੁਲਦੀਪ ਸਿੰਘ, ਵਿਸਾਲਦੀਪ ਸਿੰਘ, ਸਕੱਤਰ ਬਲਜੀਤ ਸਿੰਘ ਪੱਟੀ, ਮੀਤ ਸਕੱਤਰ ਰਛਪਾਲ ਸਿੰਘ, ਖਜਾਨਚੀ ਗੁਰਵਿੰਦਰ ਸਿੰਘ, ਜਥੇਬੰਦਕ ਸਕੱਤਰ ਰੇਸ਼ਮ ਸਿੰਘ ਲੌਹੁਕਾ ਦੇ ਨਾਮ ਬਤੌਰ ਅਹੁਦੇਦਾਰਾਂ ਦੇ ਰੂਪ ਵਿਚ ਹਾਜ਼ਰੀਨ ਨੇ ਨਾਅਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤੇ | ਅਖੀਰ ਤੇ ਨਵੀਂ ਚੁਣੀ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਪੰਡੋਰੀ ਨੇ ਨਵੀਂ ਚੁਣੀ ਕਮੇਟੀ ਦੀ ਤਰਫੋਂ ਜਥੇਬੰਦੀ ਦੇ ਕੰਮ ਨੂੰ ਪੂਰੀ ਨੇਕ ਨੀਤੀ ਨਾਲ ਕਰਨ ਦਾ ਲੀਡਰਸ਼ਿਪ ਨੂੰ ਭਰੋਸਾ ਦਿੱਤਾ | ਉਪਰੰਤ ਚੁਣੇ ਗਏ ਅਹੁਦੇਦਾਰਾਂ ਦਾ ਸੀਨੀਅਰ ਲੀਡਰਸ਼ਿਪ ਨੇ ਹਾਰ ਪਾ ਕੇ ਸਨਮਾਨ ਕੀਤਾ |