ਝਬਾਲ, 14 ਫਰਵਰੀ (ਸੁਖਦੇਵ ਸਿੰਘ)-ਪਿਛਲੇ ਦਿਨੀਂ ਕਿਸਾਨ ਮੇਜ਼ਰ ਸਿੰਘ ਕਸੇਲ ਅਤੇ ਹੋਰਾਂ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਜ ਕੀਤੇ ਗਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਕੁਲ ਹਿੰਦ ਕਿਸਾਨ ਸਭਾ, ਬੀਕੇਯੂ ਏਕਤਾ ਉਗਰਾਹਾਂ, ਕੌਮੀ ਕਿਸਾਨ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਬਾਰਡਰ ਕਿਸਾਨ ਕਮੇਟੀ, ਜਮਹੂਰੀ ਕਿਸਾਨ ਸਭਾ, ਖੇਤ ਮਜ਼ਦੂਰ ਸਭਾ, ਸਰਬ ਭਾਰਤ ਨੌਜਵਾਨ ਸਭਾ ਅਤੇ ਫੈਡਰੇਸ਼ਨ ਏਟਕ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਥਾਣਾ ਸਰਾਏ ਅਮਾਨਤ ਖਾਂ ਅੱਗੇ ਧਰਨਾ ਲਗਾ ਕੇ ਥਾਣਾ ਮੁਖੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ ਕੇਸ ਨਾਲ ਸਬੰਧਿਤ ਲੈਂਡ ਮਾਫ਼ੀਆ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਕੁਲਬੀਰ ਸਿੰਘ ਕਸੇਲ, ਬੀਕੇਯੂ ਦੇ ਗੁਰਬਾਜ਼ ਸਿੰਘ ਸਿੱਧਵਾਂ, ਮਹਾਂਬੀਰ ਸਿੰਘ ਗਿੱਲ, ਕਾਮਰੇਡ ਦਵਿੰਦਰ ਕੁਮਾਰ ਸੋਹਲ, ਕੈਪਟਨ ਸਿੰਘ ਬਘਿਆੜੀ, ਖਜਾਨਚੀ ਲਾਲ, ਪੂਰਨ ਸਿੰਘ ਮਾੜੀਮੇਘਾ, ਬਲਕਾਰ ਸਿੰਘ ਵਲਟੋਹਾ,ਗੁਰਪ੍ਰੀਤ ਸਿੰਘ ਗੰਡੀਵਿੰਡ, ਕਾਮਰੇਡ ਚਰਨ ਸਿੰਘ, ਮਲਕੀਤ ਸਿੰਘ, ਨੌਜਵਾਨ ਸਭਾ ਦੇ ਪ੍ਰਧਾਨ ਵਿਸ਼ਾਲ ਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਇਲਾਕੇ ਵਿੱਚ ਲੈਂਡ ਮਾਫ਼ੀਆ ਤੇ ਨਸ਼ਾ ਤਸਕਰਾਂ ਨੇ ਦਹਿਸ਼ਤ ਮਚਾਈ ਹੈ | ਲੈਂਡ ਮਾਫ਼ੀਆ ਵਲੋਂ ਝੂਠੇ ਕਾਗਜ਼ ਬਣਾ ਕੇ ਜ਼ਮੀਨ ਦੀਆਂ ਰਜਿਸਟਰੀਆਂ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਨੇ ਝੂਠੀਆਂ ਰਜਿਸਟਰੀਆਂ ਤੁਰੰਤ ਰੱਦ ਕਰਨ, ਲੈਂਡ ਮਾਫੀਆ ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਕਿਸਾਨ ਬੁਲਾਰਿਆਂ ਨੇ ਲੈਂਡ ਮਾਫੀਆ ਨਾਲ ਸਬੰਧ ਰੱਖਣ ਵਾਲੇ ਥਾਣਾ ਮੁਖੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ | ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਪੁੱਜੇ ਡੀ.ਐੱਸ.ਪੀ. ਸੁਖਜਿੰਦਰ ਸਿੰਘ ਕਾਹਲੋ ਨੇ ਮੇਜਰ ਸਿੰਘ ਕਸੇਲ ਅਤੇ ਸਾਥੀਆਂ ਤੇ ਪਾਇਆ ਕੇਸ ਰੱਦ, ਫੜਿਆ ਟਰੈਕਟਰ ਛੱਡਣ ਅਤੇ ਧੱਕੇਸ਼ਾਹੀ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕਰਨ ਦੇ ਦਿੱਤੇ ਵਿਸ਼ਵਾਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ | ਇਸ ਮੌਕੇ ਜਥੇਬੰਦਕ ਆਗੂ ਦਲੇਰ ਸਿੰਘ ਰਾਜੋਕੇ, ਬਲਜਿੰਦਰ ਸਿੰਘ ਬਾਬਾ ਕਾਲਾ, ਸੁਖਬੀਰ ਸਿੰਘ ਗੱਗੋਬੂਹਾ,ਗੁਰਲਾਲ ਸਿੰਘ, ਅਜੀਤ ਸਿੰਘ, ਬਾਬਾ ਸੁਲੱਖਣ ਸਿੰਘ, ਸੁਰਜੀਤ ਸਿੰਘ ਵਾਂ, ਹਰਪਾਲ ਸਿੰਘ ਕਸੇਲ, ਕਾਰਜ ਸਿੰਘ ਕੈਰੋਂ, ਮਨਜੀਤ ਸਿੰਘ ਢੰਡ, ਬਲਜਿੰਦਰ ਸਿੰਘ ਸਰਪੰਚ, ਗੁਰਜੀਤ ਸਿੰਘ ਗੰਡੀਵਿੰਡ, ਗੁਰਦਿਆਲ ਸਿੰਘ ਵਰਨਾਲਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |
ਕਿਸਾਨ ਜਥੇਬੰਦੀਆਂ ਵਲੋਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਧਰਨਾ ਲਗਾ ਕੇ ਥਾਣਾ ਮੁਖੀ ਖ਼ਿਲਾਫ਼ ਨਾਅਰੇਬਾਜ਼ੀ
ਅਜੀਤ ਡੈਸਕ
15-02-2026