ਮਜੀਠਾ, 15 ਫਰਵਰੀ (ਮਨਿੰਦਰ ਸਿੰਘ ਸੋਖੀ)-ਡਿਪਟੀ ਕਮਿਸ਼ਨਰ ਅੰਮਿ੍ਤਸਰ ਦਲਵਿੰਦਰਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ, ਐੱਸ. ਡੀ. ਐੱਮ. ਮਜੀਠਾ ਪ੍ਰੀਤਇੰਦਰ ਸਿੰਘ ਬੈਂਸ, ਮੁੱਖ ਖੇਤੀਬਾੜੀ ਅਫਸਰ ਡਾ: ਗੁਰਸਾਹਿਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਡਾ: ਹਰਭਿੰਦਰ ਸਿੰਘ ਦੀ ਅਗਵਾਈ ਵਿਚ ਬਲਾਕ ਮਜੀਠਾ ਵਿਖੇ ਭਾਰਤ/ਪੰਜਾਬ ਸਰਕਾਰ ਵਲੋਂ ਧਰਤੀ ਮਾਤਾ ਬਚਾਓ ਨਿਗਰਾਨੀ ਸਮਿਤੀ ਪ੍ਰੋਗਰਾਮ ਤਹਿਤ ਸਮੂਹ ਖਾਦ ਵਿਕਰੇਤਾ ਡੀਲਰਾਂ ਦੀ ਅਹਿਮ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ | ਇਸ ਦੌਰਾਨ ਡਾ: ਹਰਭਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਮੂਹ ਡੀਲਰਜ਼ ਇਹ ਯਕੀਨੀ ਬਣਾਉਣ ਕਿ ਫ਼ਸਲਾਂ ਵਿਚ ਖਾਦਾਂ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਤਹਿਤ ਹੀ ਕਰਵਾਉਣ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ | ਕਿਉਂਕਿ ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਕੈਂਪਾਂ ਰਾਹੀਂ ਪਿੰਡਾਂ ਵਿਚ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਕਿਸਾਨਾਂ ਵਲੋਂ ਸਾਰੀ ਜਾਣਕਾਰੀ ਡੀਲਰਾਂ ਪਾਸੋਂ ਪ੍ਰਾਪਤ ਕੀਤੀ ਜਾਂਦੀ ਹੈ ਇਸ ਨਾਲ ਜੇਕਰ ਡੀਲਰ ਬੈਨਰਾਂ ਰਾਹੀਂ ਜਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਅਜਿਹਾ ਸੁਨੇਹਾ ਦਿੰਦੇ ਹਨ ਤਾਂ ਬੇਲੋੜੀ ਖਾਦ ਦੀ ਵਰਤੋਂ ਘੱਟ ਕੀਤੀ ਜਾ ਸਕਦੀ ਹੈ ਜਿਸ ਨਾਲ ਖੇਤੀ ਖਰਚੇ ਵੀ ਘੱਟ ਸਕਦੇ ਹਨ | ਇਸ ਮੌਕੇ ਡਾ: ਹਰਜਿੰਦਰ ਸਿੰਘ ਨੇ ਦਵਾਈਆਂ ਦੀ ਬੇਲੋੜੀ ਵਰਤੋਂ ਨਾਂ ਕਰਾਉਣ ਅਤੇ ਬੈਨ ਦਵਾਈਆਂ ਦੀ ਵਿਕਰੀ 'ਤੇ ਪਾਬੰਦੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਡਾ: ਸਿਕੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਡੀਲਰਾਂ ਨੂੰ ਦੱਸਿਆ ਕਿ ਕਿਸਾਨਾਂ ਲਈ ਵਧੀਆ ਸੁਚੱਜੇ ਬੀਜਾਂ ਦੀ ਵਿੱਕਰੀ ਕਰਨੀ ਯਕੀਨੀ ਬਣਾਈ ਜਾਵੇ ਤਾਂ ਕਿ ਘੱਟ ਲਾਗਤ ਨਾਲ ਵੱਧ ਝਾੜ ਪ੍ਰਾਪਤ ਕਰਕੇ ਖੇਤੀ ਖਰਚੇ ਘਟਾਏ ਜਾ ਸਕਣ | ਇਸ ਮੌਕੇ ਹਾਜ਼ਰ ਸਮੂਹ ਡੀਲਰਾਂ ਨੇ ਇਹ ਵਿਸ਼ਵਾਸ ਦੁਆਇਆ ਕਿ ਇਸ ਮੁਹਿੰਮ ਵਿਚ ਉਹ ਖੇਤੀਬਾੜੀ ਵਿਭਾਗ ਦਾ ਸਹਿਯੋਗ ਕਰਨਗੇ ਅਤੇ ਖਾਦਾਂ ਦੀ ਵਰਤੋਂ ਨੂੰ ਸੰਤੁਲਿਤ ਬਣਾਉਣ ਲਈ ਕਿਸਾਨਾਂ ਨੂੰ ਸਮੇਂ-ਸਮੇਂ 'ਤੇ ਜਾਗਰੂਕ ਕਰਦੇ ਰਹਿਣਗੇ | ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਦਵਿੰਦਰ ਸਿੰਘ, ਸ਼ਰਨਜੀਤ ਸਿੰਘ, ਕਮਲ ਕਾਹਲੋਂ, ਖੇਤੀਬਾੜੀ ਉਪ ਨਿਰੀਖਕ ਜਸ਼ਨਪ੍ਰੀਤ ਕੌਰ, ਤਿਲਕ ਰਾਜ, ਬਲਵਿੰਦਰ ਸਿੰਘ, ਬੀ. ਟੀ. ਐੱਮ. ਲਵਪ੍ਰੀਤ ਸਿੰਘ, ਏ.ਟੀ.ਐੱਮ. ਦਿਲਬਾਗ ਸਿੰਘ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ |