ਅਮਰਕੋਟ, 27 ਫਰਵਰੀ (ਭੱਟੀ)ਸ਼ੇਰੋਂ ਖੰਡ ਮਿੱਲ ਚਾਲੂ ਕਰਾਉਣ ਲਈ ਦਿੱਤੇ ਜਾ ਰਹੇ ਧਰਨੇ ਤੋਂ ਕਿਸਾਨਾਂ ਦੀ ਗਿ੍ਫ਼ਤਾਰੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਜ਼ਿਲਾ ਤਰਨ ਤਾਰਨ ਦੇ ਸੱਦੇ 'ਤੇ ਵਲਟੋਹਾ ਚੌਂਕ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਇਕੱਠੇ ਹੋ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਣਜੀਤ ਸਿੰਘ ਬਹਾਦਰ ਨਗਰ, ਵਿਸ਼ਾਲਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਪਿੰਡ ਸ਼ੇਰੋਂ ਦੀ 100 ਏਕੜ ਜ਼ਮੀਨ ਬਹੁਤ ਸਸਤੇ ਰੇਟ 'ਤੇ ਲੈ ਕੇ ਖੰਡ ਮਿੱਲ ਚਾਲੂ ਕੀਤੀ ਗਈ ਸੀ | ਇਸ ਮਿੱਲ ਨੇ ਲਗਾਤਾਰ ਸਰਕਾਰ ਨੂੰ ਮੁਨਾਫਾ ਦਿੱਤਾ | ਜਦੋਂ ਮਿੱਲ ਬੰਦ ਕੀਤੀ ਗਈ, ਉਦੋਂ ਵੀ ਮੁਨਾਫ਼ੇ ਵਿਚ ਸੀ | ਤਰਨ ਤਾਰਨ ਜ਼ਿਲੇ ਦੇ ਕਿਸਾਨਾਂ ਨੂੰ ਇਸਦਾ ਕਾਫ਼ੀ ਫਾਇਦਾ ਸੀ | ਮਜ਼ਦੂਰ ਪਰਿਵਾਰਾਂ ਨੂੰ ਵੀ ਗੰਨਾ ਖੇਤਾਂ 'ਚੋਂ ਕੱਟਣ ਤੋਂ ਲੈਕੇ ਮਿੱਲ ਦੀ ਢੋਆ-ਢੁਆਈ ਅਤੇ ਖੰਡ ਬਣਨ ਤੱਕ ਕੰਮ ਮਿਲਦਾ ਸੀ | ਇਹ ਵੀ ਜਿਕਰਯੋਗ ਹੈ ਕਿ ਤਰਨ ਤਾਰਨ ਜ਼ਿਲੇ ਵਿਚ ਖੇਤੀ ਅਧਾਰਿਤ ਸਿਰਫ਼ ਤੇ ਸਿਰਫ਼ ਇਹ ਇਕੋ ਇਕ ਮਿੱਲ ਸੀ | ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਇਹ ਮਿੱਲ ਮੁੜ ਸ਼ੁਰੂ ਕੀਤੀ ਜਾਵੇਗੀ | ਪਰ ਹੁਣ ਕਿਸਾਨਾਂ ਦੀ ਸਲਾਹ ਬਿਨਾਂ ਇਸਦੀ ਕੀਮਤੀ ਜ਼ਮੀਨ ਘੱਟੇ ਕੌਡੀਆਂ ਕੀਤੀ ਜਾ ਰਹੀ ਹੈ | ਯਾਦ ਰਹੇ ਕਿ ਇਸ ਮਿੱਲ ਵਿਚ 60 ਫ਼ੀਸਦੀ ਹਿੱਸੇਦਾਰੀ ਕਿਸਾਨਾਂ ਦੀ ਹੈ, ਜਿਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ | ਇਸ ਮੌਕੇ ਕਿਸਾਨ ਆਗੂਆਂ ਮੰਗ ਕੀਤੀ ਕਿ ਗਿ੍ਫ਼ਤਾਰ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ | ਇਹ ਖੰਡ ਮਿੱਲ ਮੁੜ ਚਾਲੂ ਕਰਕੇ ਸਰਕਾਰ ਆਪਣਾ ਵਾਅਦਾ ਪੂਰਾ ਕਰੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ, ਚਰਨਜੀਤ ਸਿੰਘ ਬਹਾਦਰ ਨਗਰ, ਰਣਜੀਤ ਸਿੰਘ ਕੋਟਲੀ, ਮੇਜਰ ਸਿੰਘ ਜੋਧ ਸਿੰਘ ਵਾਲਾ, ਗੁਰਸੇਵਕ ਸਿੰਘ, ਗੁਰਲਾਲ ਸਿੰਘ ਵਲਟੋਹਾ, ਮਹਿਲ ਸਿੰਘ ਕਲਸ, ਸਰਬਜੀਤ ਸਿੰਘ ਕੋਟਲੀ, ਸ਼ਿੰਗਾਰਾ ਸਿੰਘ ਵਲਟੋਹਾ, ਗੁਰਲਾਲ ਸਿੰਘ ਵਲਟੋਹਾ, ਪ੍ਰਭਜੀਤ ਸਿੰਘ, ਅਮਰੀਕ ਸਿੰਘ, ਨਰਾਇਣ ਸਿੰਘ, ਨਵਜੀਤ ਸਿੰਘ, ਜਸਵੰਤ ਸਿੰਘ ਵਲਟੋਹਾ ਆਦ ਹਾਜ਼ਰ ਸਨ |