25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

'ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ' ਵਲੋਂ ਅੰਮਿ੍ਤਸਰ 'ਚ ਕੀਤੀ ਰੋਸ ਰੈਲੀ 'ਚ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਪੱਤਰਕਾਰ ਤੇ ਜਮਹੂਰੀ ਜਥੇਬੰਦੀਆਂ ਨੇ ਕੀਤੀ ਸ਼ਿਰਕਤ <br/>

ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਦੇ ਹੋਏ 'ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ' ਦੇ ਆਗੂ | ਤਸਵੀਰਾਂ : ਹਰਜੀਤ ਸਿੰਘ <br/> 'ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ' ਵਲੋਂ ਅੰਮਿ੍ਤਸਰ 'ਚ ਕੀਤੀ ਰੋਸ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ, ਡਾ: ਸਤਨਾਮ ਸਿੰਘ ਅਜਨਾਲਾ, ਮਨਿੰਦਰ ਸਿੰਘ ਮੋਂਗਾ ਤੇ ਰੈਲੀ ਵਿਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦਾ ਇਕੱਠ | <br/> 28-02-2026
ਅੰਮਿ੍ਤਸਰ, 27 ਫਰਵਰੀ (ਜਸਵੰਤ ਸਿੰਘ ਜੱਸ)-'ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ' ਦੇ ਸੱਦੇ 'ਤੇ ਬਠਿੰਡਾ ਤੋਂ ਬਾਅਦ ਅੱਜ ਮਾਝਾ ਖੇਤਰ ਵਿਚ ਸਥਾਨਕ ਡੀ. ਸੀ. ਦਫ਼ਤਰ ਸਾਹਮਣੇ ਜ਼ੁਬਾਨਬੰਦੀ ਅਤੇ ਦਬਾਓ ਨੀਤੀਆਂ ਦੇ ਵਿਰੋਧ ਵਿਚ ਵਿਸ਼ਾਲ ਰੈਲੀ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਰੋਸ ਰੈਲੀ ਵਿਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਕਾਮਰੇਡ ਦਸਵਿੰਦਰ ਕੌਰ, ਲਖਬੀਰ ਸਿੰਘ ਨਿਜ਼ਾਮਪੁਰਾ, ਮਨਿੰਦਰਜੀਤ ਸਿੰਘ ਸੰਧੂ, ਮਾਣਿਕ ਗੋਇਲ, ਰਤਨ ਸਿੰਘ ਰੰਧਾਵਾ, ਧਨਵੰਤ ਸਿੰਘ ਖ਼ਤਰਾਏ ਕਲਾਂ, ਰਮੇਸ਼ ਯਾਦਵ, ਡਾ: ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਮਨਿੰਦਰਪਾਲ ਸਿੰਘ ਮੋਂਗਾ, ਅਮਰਜੀਤ ਸਿੰਘ ਆਸਲ, ਸੁਮੀਤ ਸਿੰਘ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ ਤੇ ਰਜਿੰਦਰ ਸਿੰਘ ਅਟਾਰੀ ਸਮੇਤ ਵੱਖ-ਵੱਖ ਜਨਤਕ ਜਥੇਬੰਦੀਆਂ, ਪੱਤਰਕਾਰਾਂ, ਕਾਰਕੁੰਨਾਂ, ਔਰਤਾਂ, ਵਿਦਿਆਰਥੀਆਂ ਅਤੇ ਹੋਰਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਸੂਬਾ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਸੂਬੇ ਵਿਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੀ ਮੰਗ ਕੀਤੀ | ਸੰਘਰਸ਼ ਕਮੇਟੀ ਕਾਰਕੁੰਨਾ, ਪੱਤਰਕਾਰਾਂ ਤੇ ਕਿਸਾਨ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰ ਮਨਿੰਦਰ ਸਿੱਧੂ, ਆਰ. ਟੀ. ਆਈ. ਕਾਰਕੁੰਨ ਮਾਣਿਕ ਗੋਇਲ, ਮਨਦੀਪ ਮੱਕੜ, ਮਿੰਟੂ ਗੂਰੂਸਰੀਆ ਸਮੇਤ ਕਰੀਬ ਦਸ ਲੋਕਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਧਾਰਾਵਾਂ ਹੇਠ ਦਰਜ ਕੀਤੇ ਗਏ ਪਰਚੇ ਲੋਕਤੰਤਰਕ ਅਧਿਕਾਰਾਂ 'ਤੇ ਸਿੱਧਾ ਹਮਲਾ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਆਜ਼ਾਦ ਮੀਡੀਆ ਚੈਨਲਾਂ ਨੂੰ ਦਬਾਉਣ ਅਤੇ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਨਿੰਦਣਯੋਗ ਹਨ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਬੋਲਣ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਸੱਚ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਅਤੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਵਾਬਦੇਹੀ ਦੇਣ ਦੀ ਬਜਾਏ ਸਵਾਲ ਪੁੱਛਣ ਵਾਲਿਆਂ ਨੂੰ ਹੀ ਝੂਠੇ ਪਰਚਿਆਂ ਅਤੇ ਦਬਾਉ ਰਾਹੀਂ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਡਿਜ਼ੀਟਲ ਮਾਧਿਅਮਾਂ 'ਤੇ ਵੀ ਦਬਾਉ ਬਣਾਇਆ ਜਾ ਰਿਹਾ ਹੈ | ਬੁਲਾਰਿਆਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਤਲਬ ਕਰਨਾ, ਉਨ੍ਹਾਂ ਦੇ ਪਰਿਵਾਰਾਂ ਨੂੰ ਦਬਾਉਣਾ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਵਾਜ਼ ਨੂੰ ਰੋਕਣਾ ਪ੍ਰੈੱਸ ਦੀ ਆਜ਼ਾਦੀ 'ਤੇ ਗੰਭੀਰ ਹਮਲਾ ਹੈ ਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਨਾ ਕੀਤੇ ਗਏ ਅਤੇ ਦਬਾਉ ਦੀਆਂ ਨੀਤੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਇਹ ਸੰਘਰਸ਼ ਪੰਜਾਬ ਭਰ ਵਿਚ ਹੋਰ ਤੇਜ਼ ਕੀਤਾ ਜਾਵੇਗਾ ਤੇ ਮਾਲਵੇ ਅਤੇ ਮਾਝੇ ਤੋਂ ਬਾਅਦ ਦੁਆਬੇ ਵਿਚ ਵੀ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕਿਆ ਜਾਵੇਗਾ | ਇਸ ਦੌਰਾਨ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੰਘਰਸ਼ ਕਮੇਟੀ ਪਾਸੋਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਪ੍ਰਾਪਤ ਕੀਤਾ | ਇਸ ਰੈਲੀ ਵਿਚ ਸ਼ਾਮਿਲ ਜਥੇਬੰਦੀਆਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਭਾਕਿਯੂ ਡਕੌਂਦਾ (ਧਨੇਰ), ਭਾਕਿਯੂ ਡਕੌਂਦਾ (ਬੁਰਜਗਿੱਲ), ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਪੀ. ਆਰ. ਟੀ. ਸੀ. ਪਨਬਸ ਕੰਟਰੈਕਟ ਵਰਕਰਜ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਡੈਮੋਕ੍ਰੇਟਿਕ ਟੀਚਰਜ਼ ਯੂਨੀਅਨ, ਡੈਮੋਕ੍ਰੇਟਿਕ ਮੁਲਾਜ਼ਮ ਮੋਰਚਾ, ਆਸ਼ਾ ਵਰਕਰਜ ਯੂਨੀਅਨ, ਇਫਟੂ, ਸੀ. ਟੀ. ਯੂ. ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਬੇਰੁਜਗਾਰ ਸਾਂਝਾ ਮੋਰਚਾ, ਟੈਕਨੀਕਲ ਸਰਵਿਸਿਜ਼ ਯੂਨੀਅਨ, ਭਾਕਿਯੂ ਕ੍ਰਾਂਤੀਕਾਰੀ ਪੰਜਾਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਐਸੋ:, ਕੁੱਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਅੰਮਿ੍ਤਸਰ, ਪ੍ਰੈੱਸ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ, ਗੁਰੂ ਰਾਮਦਾਸ ਸਿੰਘ ਸਭਾ, ਕਿਸਾਨ ਮਜਦੂਰ ਨੌਜਵਾਨ ਏਕਤਾ, ਭੀਮ ਐਕਸ਼ਨ ਕਮੇਟੀ, ਮਜਦੂਰ ਐਕਸ਼ਨ ਕਮੇਟੀ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ, ਡੇਮੋਕ੍ਰੇਟਿਕ ਆਸ਼ਾ ਵਰਕਰਜ ਯੂਨੀਅਨ, ਮਿਡ ਡੇ ਮੀਲ ਵਰਕਰਜ ਯੂਨੀਅਨ, ਟੈਕਨੀਕਲ ਅਤੇ ਮਕੈਨਿਕਲ਼ ਮੁਲਾਜ਼ਮ ਯੂਨੀਅਨ, ਡੈਮੋਕ੍ਰੇਟਿਕ ਜਲ ਸਰੋਤ ਵਰਕਰਜ ਯੂਨੀਅਨ, ਐਪਸੋ ਅੰਮਿ੍ਤਸਰ, ਡੈਮੋਕ੍ਰੇਟਿਕ ਮੁਲਾਜ਼ਮ ਫੋਰਮ, ਏਟਕ ਡੀ. ਐੱਮ. ਐੱਫ., ਮਿਸਲ ਸਤਲੁਜ, ਪੀ. ਐੱਸ. ਐੱਸ. ਐੱਫ., ਚੰਡੀਗੜ੍ਹ, ਫੋਕਲੋਰ ਰੀਸਰਚ ਅਕਾਦਮੀ, ਪੈਰਾ ਮੈਡੀਕਲ ਐਸਸੀਏਸ਼ਨ, ਪੰਜਾਬ ਰੋਡਵੇਜ਼ ਜਥੇਬੰਦੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਮਹਿਤਾ ਪ੍ਰੈੱਸ ਕਲੱਬ, ਸਾਬਕਾ ਸੈਨਿਕ ਸੰਘਰਸ਼ ਕਮੇਟੀ, ਵੇਰਕਾ ਮਿਲਕ ਪਲਾਂਟ ਯੂਨੀਅਨ ਆਦਿ ਦੇ ਆਗੂ ਤੇ ਮੈਂਬਰ ਸ਼ਾਮਿਲ ਸਨ |

ਪਿਛਲੀ ਖ਼ਬਰ ਮੁੰਡਿਆਂ ਦੀ ਅੰਡਰ-23 ਕਿ੍ਕਟ ਟੀਮ ਲਈ ਟਰਾਇਲ ਭਲਕੇ ਅਗਲੀ ਖ਼ਬਰ ਚੋਹਲਾ ਸਾਹਿਬ ਵਿਖੇ ਪੰਜਵੇਂ ਆਲ ਓਪਨ ਹਾਕੀ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।