ਖੇਮਕਰਨ, 28 ਫਰਵਰੀ (ਰਾਕੇਸ਼ ਕੁਮਾਰ ਬਿੱਲਾ)-ਆਲ ਇੰਡੀਆ ਸਿੱਖ ਸਟੂਡੇਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ 'ਤੇ 6 ਮਾਰਚ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਖ਼ਾਲਸਾ ਦਰਬਾਰ ਪਿੰਡ ਭੂਰਾ ਕੋਹਨਾ( ਨੇੜੇ ਖੇਮਕਰਨ) ਵਿਖੇ ਕਰਵਾਏ ਜਾ ਰਹੇ ਪੰਥਕ ਇਕੱਠ ਨੂੰ ਲੈ ਕੇ ਸਮਾਗਮ ਦੇ ਮੁੱਖ ਪ੍ਰਬੰਧਕ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਵਲੋਂ ਇਲਾਕੇ ਦੇ ਪਿੰਡਾਂ 'ਚ ਲਗਾਤਾਰ ਪਿੰਡਾਂ ਵਾਸੀਆਂ ਨਾਲ ਮੀਟਿੰਗਾਂ ਕਰਕੇ ਸੰਗਤਾਂ ਨੂੰ ਸਮਾਗਮ 'ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਜਿਸ ਕਰਕੇ ਉੱਕਤ ਪੰਥਕ ਇਕੱਤਰਤਾਂ 'ਚ ਸੰਗਤਾਂ ਬਹੁਤ ਭਾਰੀ ਗਿਣਤੀ 'ਚ ਹਾਜ਼ਰੀ ਭਰਨਗੀਆਂ | ਇਸ ਸਮਾਗਮ ਸਬੰਧੀ ਭਾਈ ਮਨਜੀਤ ਸਿੰਘ ਨੇ ਸਰਹੱਦੀ ਪਿੰਡ ਕਾਲੀਆ ਸਕੱਤਰਾ ਵਾਸੀ ਸੰਗਤਾਂ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਮੀਟਿੰਗ ਕੀਤੀ | ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਪਿੰਡਾਂ 'ਚੋੋਂ ਵੱਧ ਤੋਂ ਵੱਧ ਸੰਗਤਾਂ ਵਿਚ ਸਮਾਗਮ 'ਚ ਸ਼ਾਮਿਲ ਹੋਣਾ ਚਾਹੀਦਾ ਹੈ, ਕਿਉਂਕਿ ਭਾਈ ਅਮਰੀਕ ਸਿੰਘ ਨੇ ਸੰਨ 1984 'ਚ ਸਾਕਾ ਨੀਲਾ ਤਾਰਾ ਵਿਚ ਸਿੱਖ ਕੌਮ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਸਮੇਤ ਅਨੇਕਾਂ ਸ਼ਹੀਦ ਸਿੰਘਾ ਨਾਲ ਸ਼ਹੀਦੀ ਦਾ ਜਾਮ ਪੀਤਾ | ਮੀਟਿੰਗ ਵਿਚ ਮਹਿੰਗਾ ਸਿੰਘ, ਅੰਗਰੇਜ ਸਿੰਘ, ਸ਼ੇਰ ਸਿੰਘ, ਬਲਦੇਵ ਸਿੰਘ, ਗੁਰਚੇਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |