ਤਰਨ ਤਾਰਨ, 1 ਮਾਰਚ (ਇਕਬਾਲ ਸਿੰਘ ਸੋਢੀ)-ਪ੍ਰਸ਼ਾਸਨ ਵਲੋਂ ਕੀਤੇ ਵਾਅਦੇ ਅਨੁਸਾਰ 6 ਮਾਰਚ ਤੋਂ ਪਹਿਲਾਂ-ਪਹਿਲਾਂ ਸੇੇਰੋਂ ਖੰਡ ਮਿੱਲ ਚਾਲੂ ਕਰਨ ਸੰਬੰਧੀ ਮੁੱਖ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਕਰਵਾਈ ਜਾਵੇ, ਨਹੀਂ ਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਮੁਲਤਵੀ ਐਕਸ਼ਨ ਮੁੜ ਸ਼ੁਰੂ ਕਰਨ ਲਈ ਮਜ਼ਬੂਰ ਹੋਣਗੀਆਂ | ਪੱਟੀ ਹਲਕੇ ਦੇ ਮੌਜੂਦਾ ਵਿਧਾਇਕ ਅਤੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਆਪਣਾ ਫਰਜ਼ ਪਛਾਣਦਿਆਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਵਾਅਦੇ ਅਨੁਸਾਰ ਮਿੱਲ ਨੂੰ ਮੁੜ ਚਾਲੂ ਕਰਾਉਣ ਵੱੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ | ਇਹ ਸ਼ਬਦ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਜੇਲ੍ਹ 'ਚੋਂ ਰਿਹਾਅ ਕਰਵਾਏ ਕਿਸਾਨ ਆਗੂਆਂ ਤੇ ਵਰਕਰਾਂ ਦਵਿੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਵਰਿਆਂ, ਹੀਰਾ ਸਿੰਘ ਸਰਪੰਚ, ਸੁਲੱਖਣ ਸਿੰਘ ਤੁੜ, ਸੁਖਚੈਨ ਸਿੰਘ ਸਰਹਾਲੀ, ਅਮਰਜੀਤ ਸਿੰਘ ਤੁੜ, ਰਛਪਾਲ ਸਿੰਘ, ਬਲਜੀਤ ਸਿੰਘ, ਗੁਰਭੇਜ ਸਿੰਘ ਨੰਦਪੁਰ, ਜੱਸਾ ਸਿੰਘ ਕੱਦਗਿੱਲ, ਰਤਨ ਸਿੰਘ ਢੰਡ, ਗੁਰਪ੍ਰੀਤ ਸਿੰਘ ਗੰਡੀਵਿੰਡ, ਬਲਵਿੰਦਰ ਸਿੰਘ ਨੰਦਪੁਰ, ਨਿਰਮਲ ਸਿੰਘ, ਨਛੱਤਰ ਸਿੰਘ ਪੰਨੂੰ, ਦਲਜੀਤ ਸਿੰਘ ਦਿਆਲਪੁਰਾ ਨੂੰ ਜੇਲ੍ਹ 'ਚੋਂ ਬਾਹਰ ਆਉਣ 'ਤੇ ਸਨਮਾਨਿਤ ਕਰਨ ਸਮੇਂ ਕਹੇ | ਉਨ੍ਹਾਂ ਕਿਹਾ ਕਿ ਮਿੱਲ ਮੁੜ ਚਾਲੂ ਕਰਾਉਣ ਲਈ ਸੰਘਰਸ਼ ਕਰਨਾ ਇਕ ਵੱਡਾ ਕਾਰਜ ਹੈ, ਕਿਉਂਕਿ ਇਸ ਮਿੱਲ ਦੇ ਮੁੜ ਚਾਲੂ ਹੋਣ ਨਾਲ ਹਜ਼ਾਰਾਂ ਮਜ਼ਦੂਰਾਂ ਕਿਸਾਨਾਂ ਨੂੰ ਸਿੱਧਾ-ਅਸਿੱਧਾ ਰੁਜ਼ਗਾਰ ਮਿਲੇਗਾ |