ਝਬਾਲ, 29 ਅਪ੍ਰੈਲ (ਸੁਖਦੇਵ ਸਿੰਘ)-ਸਰਹੱਦੀ ਕਸਬਾ ਸਰਾਏ ਅਮਾਨਤ ਖਾਂ ਵਿਖੇ ਸਥਿਤ ਸੇਵਾ ਦੀ ਬਿਜਲੀ ਬੰਦ ਰਹਿਣ ਕਰਕੇ ਲੋਕ ਖੱਜਲਖੁਆਰ ਹੋ ਰਹੇ ਹਨ | ਇਸ ਸੇਵਾ ਕੇਂਦਰ ਵਿਚ ਸਰਹੱਦੀ ਖ਼ੇਤਰ ਦੇ 20-25 ਪਿੰਡਾਂ ਦੇ ਲੋਕ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ, ਪਰ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਸਮਾਜ ਸੇਵੀ ਸਰਬਜੀਤ ਸਿੰਘ ਕਠਾਨੀਆ ਨੇ ਦੱਸਿਆ ਕਿ ਸੇਵਾ ਕੇਂਦਰ ਦੀ ਜ਼ਿਆਦਾਤਰ ਬਿਜਲੀ ਸਪਲਾਈ ਬੰਦ ਰਹਿਣ ਕਰਕੇ ਇੱਥੇ ਆਉਣ ਵਾਲੇ ਲੋਕਾਂ ਨੂੰ ਕਈ ਘੰਟੇ ਬਿਜਲੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ | ਕਿਸੇ ਵੇਲੇ ਸਾਰਾ-ਸਾਰਾ ਦਿਨ ਬਿਜਲੀ ਬੰਦ ਰਹਿਣ ਕਰਕੇ ਉਨ੍ਹਾਂ ਨੂੰ ਬਿਨਾਂ ਕੰਮ ਕਰਵਾਉਣ ਦੇ ਘਰਾਂ ਨੂੰ ਵਾਪਸ ਮੁੜਣਾ ਪੈਂਦਾ ਹੈ | ਗ੍ਰਾਮ ਪੰਚਾਇਤ ਸਰਾਏ ਅਮਾਨਤ ਖਾਂ, ਗ੍ਰਾਮ ਪੰਚਾਇਤ ਲਹੀਆ, ਗ੍ਰਾਮ ਪੰਚਾਇਤ ਗਹਿਰੀ, ਗ੍ਰਾਮ ਪੰਚਾਇਤ ਚਾਹਲ, ਗ੍ਰਾਮ ਪੰਚਾਇਤ ਭੂਸੇ ਸਮੇਤ ਦਰਜਨਾਂ ਨੇੜ੍ਹਲੇ ਪਿੰਡ ਦੀਆਂ ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਮੰਗ ਪੱਤਰ ਦੇ ਕੇ ਲੋਕਾਂ ਦੀ ਖੱਜਲ-ਖੁਆਰੀ ਰੋਕਣ ਲਈ ਸੇਵਾ ਕੇਂਦਰ ਸਰਾਏ ਅਮਾਨਤ ਖਾਂ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜਣ ਦੀ ਮੰਗ ਕੀਤੀ ਹੈ |