ਖਡੂਰ ਸਾਹਿਬ, 30 ਅਪ੍ਰੈਲ (ਹਰਿੰਦਰ ਸਿੰਘ)-ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦਿੱਤੇ ਗਏ ਹਾਲੀਆ ਬਿਆਨਾਂ 'ਤੇ ਤਿੱਖੀ ਪ੍ਰਤੀਕਿਰਿਆ ਜਤਾਉਂਦਿਆਂ ਭਾਈ ਕਲਦਮਨਰੂਪ ਸਿੰਘ ਨੇ ਕਿਹਾ ਕਿ ਸਾਬਕਾ ਕਾਂਗਰਸ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਭਾਈ ਅੰਮਿ੍ਤਪਾਲ ਸਿੰਘ 'ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਅਤੇ ਬਿਨਾਂ ਸਿਰ ਪੈਰ ਦੇ ਹਨ | ਇਹ ਸਿਰਫ ਸਿਆਸੀ ਲਾਭ ਲੈਣ ਲਈ ਲੋਕਾਂ ਵਿਚ ਡਰ, ਭਰਮ ਅਤੇ ਭਾਈ ਅੰਮਿ੍ਤਪਾਲ ਸਿੰਘ ਦੀ ਹਰਮਨ ਪਿਆਰਤਾਂ ਨੂੰ ਨਾ ਸਹਾਰਦਿਆਂ ਉਨ੍ਹਾਂ ਨੰੂ ਬਦਨਾਮ ਕਰਨ ਦੀ ਇਕ ਕੋਝੀ ਚਾਲ ਹੈ | ਭਾਈ ਖਾਲਸਾ ਨੇ ਕਿਹਾ ਕੇ ਭਾਈ ਅੰਮਿ੍ਤਪਾਲ ਸਿੰਘ ਇਸ ਵੇਲੇ ਵੀ ਡਿਬਰੂਗੜ੍ਹ ਜੇਲ੍ਹ ਵਿਚ ਸਖ਼ਤ ਸੁਰੱਖਿਆ ਦੇ ਘੇਰੇ ਹੇਠ ਨਜ਼ਰਬੰਦ ਹਨ | ਅਜਿਹੇ ਹਾਲਾਤਾਂ ਵਿਚ ਉਨ੍ਹਾਂ ਨੂੰ ਕਿਸੇ ਵੀ ਤਾਜ਼ਾ ਘਟਨਾ ਨਾਲ ਜੋੜਨਾ ਸਿਰਫ਼ ਅਤੇ ਸਿਰਫ਼ ਝੂਠਾ ਗੁੰਮਰਾਹਕੁੰਨ ਪ੍ਰਚਾਰ ਹੈ | ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਸੱਚਮੁੱਚ ਕੋਈ ਸਬੂਤ ਹੈ ਤਾਂ ਉਹ ਅਦਾਲਤਾਂ ਵਿਚ ਪੇਸ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਸਿੱਖ ਕੌਮ ਨਾਲ ਕੀਤੀਆਂ ਬੇਇਨਸਾਫ਼ੀਆਂ ਨਾਲ ਭਰਿਆ ਪਿਆ ਹੈ | 1984 ਦਾ ਦਿੱਲੀ ਕਤਲੇਆਮ, ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲੇ ਅਤੇ ਬੇਗੁਨਾਹ ਨੌਜਵਾਨਾਂ 'ਤੇ ਕੀਤੇ ਅਸਹਿ ਜ਼ੁਲਮ ਅੱਜ ਵੀ ਇਤਿਹਾਸ ਦੇ ਕਾਲੇ ਅਧਿਆਇ ਹਨ | ਭਾਈ ਖਾਲਸਾ ਨੇ ਕਾਂਗਰਸ ਆਗੂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਤੱਥ ਅਤੇ ਸਬੂਤ ਤੋਂ ਭੜਕਾਊ ਬਿਆਨ ਦੇਣ ਤੋਂ ਗੁਰੇਜ਼ ਕਰਨ |