ਝਬਾਲ, 10 ਮਈ (ਸੁਖਦੇਵ ਸਿੰਘ)-ਠੇਕੇਦਾਰ ਵਲੋਂ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘਟੀਆਂ ਮਟੀਰੀਅਲ ਵਰਤ ਕੇ ਬਣਾਇਆ ਗਿਆ ਝਬਾਲ-ਅਟਾਰੀ ਮਾਰਗ ਪੰਜ ਮਹੀਨੇ ਬਾਅਦ ਹੀ ਮੁੜ ਟੁੱਟਣਾ ਸ਼ੁਰੂ ਹੋ ਗਿਆ ਹੈ | ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਮਾ. ਜਸਪਾਲ ਸਿੰਘ ਅਤੇ ਮਨਜਿੰਦਰ ਸਿੰਘ ਸਮੇਤ ਵੱਖ ਰਾਜਨੀਿਤਿਕ ਪਾਰਟੀਆਂ ਦੇ ਆਗੂਆਂ ਨੇ ਠੇਕੇਦਾਰ ਵਲੋਂ ਸ਼ੇਰ ਸ਼ਾਹ ਸੂਰੀ ਮਾਰਗ ਦੇ ਨਾਂਅ ਨਾਲ ਜਾਣੇ ਜਾਂਦੇ ਝਬਾਲ-ਅਟਾਰੀ ਮਾਰਗ 'ਤੇ ਪਾਏ ਗਏ ਘਟੀਆ ਮਟੀਰੀਅਲ ਨੂੰ ਦਿਖਾਉਂਦਿਆਂ ਦੱਸਿਆ ਕਿ ਪੰਜ ਮਹੀਨੇ ਪਹਿਲਾਂ ਇਸ ਮਾਰਗ ਨੂੰ ਬਣਾਇਆ ਗਿਆ ਸੀ, ਪਰ ਬੱਜਰੀ ਵਿਚ ਨਾ ਮਾਤਰ ਲੁੱਕ ਪਾ ਕੇ ਵਰਤੇ ਗਏ ਮਟੀਰੀਅਲ ਕਾਰਨ ਕੁੱਝ ਦਿਨਾਂ ਬਾਅਦ ਹੀ ਬੱਜਰੀ ਉੱਖੜਣੀ ਸ਼ੁਰੂ ਹੋ ਗਈ ਸੀ | ਇਸ ਸੜਕ ਰਾਹੀਂ ਰੋਜ਼ਾਨਾ ਹੀ ਸੈਂਕੜੇ ਵਾਹਣ ਵਾਹਘਾ ਸਰਹੱਦ ਨੂੰ ਜਾਂਦੇ ਹਨ, ਪਰ ਸੜਕ ਉਪਰ ਪਾਏ ਗਏ ਘਟੀਆਂ ਮਟੀਰੀਅਲ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਦਸੰਬਰ 2025 ਵਿਚ ਜਦੋਂ ਸੜਕ ਬਣਾਉਣ ਵੇਲੇ ਵਰਤੇ ਜਾ ਰਹੇ ਘਟੀਆ ਮਟੀਰੀਅਲ ਸੰਬੰਧੀ ਕੁਝ ਕਮਿਊਨਿਸਟ ਪਾਰਟੀ ਦੇ ਆਗੂਆਂ ਵਲੋਂ ਵਿਰੋਧ ਕੀਤਾ ਗਿਆ ਸੀ, ਤਾਂ ਉਸ ਵੇਲੇ ਪੀ.ਡਬਲਯੂ.ਡੀ. ਦੇ ਅਧਿਕਾਰੀਆਂ ਵਲੋਂ ਤਾਪਮਾਨ ਘੱਟ ਹੋਣ ਕਰਕੇ ਸੜਕ ਉੱਚੀ ਨੀਵੀਂ ਬਣਨ ਕਰਕੇ ਸੜਕ ਬਣਾਉਣ ਦਾ ਕੰਮ ਰੋਕ ਦਿੱਤਾ ਗਿਆ ਸੀ ਅਤੇ ਤਾਪਮਾਨ ਸਹੀ ਹੋਣ 'ਤੇ ਬਰੀਕ ਬੱਜਰੀ ਤੇ ਲੁੱਕ ਪਾ ਕੇ ਇਸ ਨੂੰ ਪੱਧਰਾ ਕਰਨ ਦਾ ਯਕੀਨ ਦਿਵਾਇਆ ਸੀ, ਪਰ ਪੰਜ ਮਹੀਨੇ ਬਾਅਦ ਹੀ ਮਹਿਕਮੇ ਨੇ ਇਸ ਸੜਕ ਵੱਲ ਝਾਤੀ ਵੀ ਨਹੀਂ ਮਾਰੀ | ਆਗੂਆਂ ਨੇ ਇਸ ਦੀ ਉਚ ਪੱਧਰੀ ਜਾਂਚ ਕਰਾਵਾਏ ਜਾਣ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ |