03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅਨੇਕਾਂ ਹੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਿੰਡ ਨੌਸ਼ਹਿਰਾ ਪੰਨੂੰਆਂ

ਪਿੰਡ ਵਿਚ ਲੱਗਾ ਬੰਦ ਪਿਆ ਆਰ.ਓ. ਸਿਸਟਮ | ਤਸਵੀਰ: ਮੈਣੀ <br/> ਪਾਣੀ ਵਾਲੀ ਟੈਂਕੀ, ਜੋ ਕਿ ਬੁੱਤ ਬਣੀ ਨਜ਼ਰ ਆ ਰਹੀ ਹੈ | ਤਸਵੀਰ: ਮੈਣੀ <br/> 11-05-2026
ਨੌਸ਼ਹਿਰਾ ਪਨੂੰਆ, 10 ਮਈ (ਦੀਪਕ ਮੈਣੀ)-ਅੰਮਿ੍ਤਸਰ ਤੋਂ ਬਠਿੰਡਾ ਜਾਂਦੀ ਨੈਸ਼ਨਲ ਹਾਈਵੇ 54 'ਤੇ ਸਥਿਤ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਵਾਸੀਆਂ ਨੂੰ ਲੰਮੇ ਸਮੇਂ ਤੋਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਥਾਂ-ਥਾਂ ਕੂੜੇ ਦੇ ਢੇਰ-ਪਿੰਡ ਦੀ ਸ਼ਾਮਲਾਟ, ਪੰਚਾਇਤੀ ਜਾਂ ਛੱਪੜਾਂ ਦੇ ਰਕਬੇ 'ਤੇ ਲੋਕਾਂ ਵਲੋਂ ਕਬਜੇ ਕਰਕੇ ਨਾਜਾਇਜ਼ ਉਸਾਰੀਆਂ ਕਰਵਾ ਲਈਆਂ ਗਈਆਂ ਹਨ, ਜਿਸ ਕਾਰਨ ਹੁਣ ਕੂੜਾ ਕਰਕਟ ਸੁੱਟਣ ਲਈ ਜਗ੍ਹਾ ਨਾ ਹੋਣ ਕਰਕੇ ਪਿੰਡ ਦੇ ਲੋਕਾਂ ਵਲੋਂ ਜਿਥੇ ਮਨ ਕਰਦਾ ਕੂੜੇ ਦਾ ਡੰਪ ਬਣਾ ਲਿਆ ਜਾਂਦਾ ਹੈ | ਇਸ ਕਾਰਨ ਹੀ ਲੋਕਾਂ ਵਿਚ ਝਗੜੇ ਵੇਖਣ ਨੂੰ ਮਿਲਦੇ ਹਨ | ਕੁਝ ਸਮਾਂ ਪਹਿਲਾ ਕੇਂਦਰ ਸਰਕਾਰ ਦੀ ਕੂੜੇ ਦੀ ਸਾਂਭ ਸੰਭਾਲ ਲਈ ਆਈ ਸਕੀਮ ਤਹਿਤ ਡੰਪ ਬਣਾਏ ਗਏ, ਜੋ ਇਕ ਕਾਗਜ਼ੀ ਖਾਨਾਪੂਰਤੀ ਸਾਬਤ ਹੋਈ, ਕਿਉਂਕਿ ਕੂੜੇ ਲਈ ਸਹੀ ਤੇ ਯੋਗ ਪੰਚਾਇਤੀ ਜਾਂ ਸ਼ਾਮਲਾਟ ਥਾਵਾਂ 'ਤੇ ਪਹਿਲਾਂ ਹੀ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਹੋਣ ਕਾਰਨ ਅਧਿਕਾਰੀਆਂ ਵਲੋਂ ਘਰਾਂ ਤੋਂ ਦੂਰ ਪਿੰਡ ਦੇ ਬਾਹਰਵਾਰ ਕੂੜੇ ਦੇ ਡੰਪ ਬਣਾਏ ਗਏ, ਉਹ ਵੀ ਖਾਨਾ ਪੂਰਤੀ ਸੀ, ਜੋ ਅੱਠ-ਦਸ ਦਿਨਾਂ ਵਿਚ ਭਰ ਗਏ | ਅੱਜ ਦੇ ਦਿਨ ਕਿਸੇ ਡੰਪ ਦਾ ਨਾਮੋ ਨਿਸ਼ਾਨ ਨਹੀਂ ਦਿਖਾਈ ਦਿੰਦਾ | ਪਿੰਡ ਦੀ ਅਬਾਦੀ ਦੇ ਹਿਸਾਬ ਸਹੀ ਥਾਵਾਂ 'ਤੇ ਡੰਪ ਬਣਾਏ ਜਾਣ 'ਤੇ ਸਮੇਂ-ਸਮੇਂ ਕੂੜੇ ਦੇ ਡੰਪਾਂ ਦੀ ਸਫ਼ਾਈ ਕਰਨ ਦਾ ਇੰਤਜਾਮ ਵੀ ਕੀਤਾ ਜਾਵੇ | ਇਸ ਤੋਂ ਇਲਾਵਾ ਬਰਸਾਤ ਦੇ ਦਿਨਾਂ ਵਿਚ ਸਥਾਨਕ ਪਿੰਡ ਦੇ ਬਾਰਿਸ਼ ਦੇ ਪਾਣੀ ਤੋਂ ਇਲਾਵਾ ਨੇੜ੍ਹਲੇ ਪੰਜ- ਸੱਤ ਉਚੇ ਪਿੰਡਾ ਤੋਂ ਆਉਣ ਵਾਲਾ ਬਾਰਿਸ਼ ਦਾ ਪਾਣੀ ਸਥਾਨਕ ਪਿੰਡ ਦੇ ਨੀਵੇਂ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਾਉਦਾ ਹੈ | ਬਾਰਿਸ਼ ਤੇ ਗੰਦੇ ਪਾਣੀ ਦੇ ਨਿਕਾਸ ਲਈ ਸਰਕਾਰ ਵਲੋਂ ਸਥਾਨਕ ਪਿੰਡ ਤੋਂ ਲੈ ਕੇ ਪਿੰਡ ਸਰਹਾਲੀ ਮੰਡਾਂ ਦੀ ਡਰੇਨ ਤੱਕ ਨਾਲਾ ਉਲੀਕਿਆ ਹੈ, ਕੋਈ 22 ਫੁੱਟ ਦੇ ਲਗਪਗ ਚੌੜੇ ਤੇ 15 ਕਿਲੋਮੀਟਰ ਲੰਮੇ ਇਸ ਨਾਲੇ ਦੀ ਜ਼ਮੀਨ ਉਪਰ ਲੋਕਾਂ ਵਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ | ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਵਾਸੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਇਸ ਨਾਲੇ ਦੀ ਖੁਦਾਈ ਕਰਾਉਣ ਦਾ ਉਦਮ ਕੀਤਾ ਸੀ, ਪਰ ਵੋਟਾਂ ਦੀ ਰਾਜਨੀਤੀ ਭਾਰੂ ਹੋ ਗਈ ਨਾਲੇ ਦੀ ਨਿਸ਼ਾਨਦੇਹੀ ਕਰਾਉਣ ਉਪਰੰਤ ਕੰਮ ਰੁਕ ਗਿਆ | ਪਿੰਡ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਨਾਲੇ ਦੀ ਖੁਦਾਈ ਕਰਵਾਈ ਜਾਵੇ | ਸਥਾਨਕ ਪਿੰਡ ਦਾ ਪਾਣੀ ਮਿਆਰੀ ਨਾ ਹੋਣ ਕਰਕੇ ਪੀਣ ਦੇ ਯੋਗ ਨਹੀਂ ਹੈ | ਟੱਬ ਵਿਚ ਰੱਖੇ ਪਾਣੀ ਉਪਰ ਕੁਝ ਮਿੰਟ ਬਾਅਦ ਕੈਲਸ਼ੀਅਮ (ਹਾਰਡ ਵਾਟਰ) ਦੀ ਪਰਤ ਆ ਜਾਦੀ ਹੈ | ਬੇਅੰਤ ਸਿੰਘ ਦੀ ਸਰਕਾਰ ਵਲੋਂ ਪਿੰਡ ਵਿਚ ਪਾਣੀ ਦੀ ਟੈਂਕੀ ਬਣਾਈ ਗਈ | ਟੈਂਕੀ ਪਿੰਡ ਦੇ ਨੀਵੇਂ ਪਾਸੇ ਬਣਾਉਣ ਤੇ ਗਲਤ ਪਾਈਪ ਲਾਈਨ ਵਿਛਾਉਣ ਕਰਕੇ, ਟੈਂਕੀ ਦਾ ਪਾਣੀ ਕੁਝ ਨੀਵੇਂ ਘਰਾ ਤਕ ਹੀ ਪਹੁੰਚ ਸਕਿਆ ਤੇ ਆਖਰਕਾਰ ਟੈਂਕੀ ਬੁੱਤ ਬਣ ਕੇ ਰਹਿ ਗਈ | ਬਾਦਲ ਸਰਕਾਰ ਵਲੋਂ ਪਿੰਡ ਵਿਚ ਆਰ.ਓ. ਲਗਵਾਇਆ ਗਿਆ, ਜੋ ਕਈ ਸਾਲ ਤਕ ਪਿੰਡ ਵਾਸੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਦਾ ਰਿਹਾ ਤੇ ਆਖਰਕਾਰ ਸਰਕਾਰ ਵਲੋਂ ਮੂੰਹ ਫੇਰਨ ਕਰਕੇ ਬੰਦ ਹੋ ਗਿਆ | ਪਿੰਡ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਪਿੰਡ ਵਿਚ ਨਵੀਂ ਪਾਣੀ ਦੀ ਟੈਂਕੀ ਉੱਚੇ ਥਾਂ 'ਤੇ ਬਣਾਈ ਜਾਵੇ, ਤਾਂ ਜੋ ਪੀਣ ਲਈ ਸਾਫ਼ ਪਾਣੀ ਮਿਲ ਸਕੇ, ਗੈਰ ਮਿਆਰੀ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇੇ | ਇਸ ਤੋਂ ਇਲਾਵਾ ਵਿਚ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਹੋਣ ਕਾਰਨ ਨੇੜ੍ਹਲੇ ਪਿੰਡਾਂ ਦੇ ਲੋਕਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ | ਲਿੰਕ ਰੋਡ ਵਰਿ੍ਹਆਂ, ਲਿੰਕ ਰੋਡ ਭੱਠਲ ਭਾਈਕੇ ਤੇ ਲਿੰਕ ਰੋਡ ਢੋਟੀਆਂ ਤੋਂ ਲੋਕਾਂ ਨੂੰ ਹਾਈਵੇ ਕਰਾਸ ਕਰਨੀ ਪੈਂਦੀ ਹੈ, ਉਥੇ ਬਹੁਤੀ ਵਾਹੀਯੋਗ ਜ਼ਮੀਨ ਹਾਈਵੇ ਦੇ ਦੂਜੇ ਪਾਸੇ ਹੋਣ ਕਾਰਣ ਲੋਕਾਂ ਨੂੰ ਹਾਈਵੇ ਨੂੰ ਪਾਸ ਕਰਨਾ ਪੈਂਦਾ ਹੈ | ਇਸੇ ਤਰ੍ਹਾਂ ਤਰਨ ਤਾਰਨ ਤੋਂ ਆਉਣ ਸਮੇਂ ਹਾਈਵੇ ਨੂੰ ਪਾਰ ਕਰਨਾ ਪੈਂਦਾ ਹੈ | ਇਲਾਕਾ ਵਾਸੀਆ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਹਾਈਵੇ 'ਤੇ ਪੁੱਲ ਬਣਾਇਆ ਜਾਵੇ ਤੇ ਹਾਈਵੇ ਦੇ ਨਾਲ-ਨਾਲ ਦੋਵੇਂ ਪਾਸੇ ਲਿੰਕ ਸੜਕਾਂ ਬਣਾਈਆ ਜਾਣ | ਪਿਛਲੇ ਕਈ ਸਾਲਾਂ ਤੋਂ ਸਥਾਨਕ ਪਿੰਡ ਤੋਂ ਵਾਇਆ ਲੌਹਕਾ ਪੱਟੀ ਜਾਣ ਵਾਲੀ ਖੱਬੇ ਰਾਜਪੂਤ ਵਾਲੀ ਸੜਕ ਬਹੁਤ ਮੰਦੀ ਹਾਲਤ ਵਿਚ ਹੈ | ਇਲਾਕਾ ਵਾਸੀਆਂ ਵਲੋਂ ਸਮੇਂ-ਸਮੇਂ 'ਤੇ ਮੰਤਰੀਆਂ ਜਾਂ ਸੰਬੰਧਿਤ ਵਿਭਾਗ ਨੂੰ ਮਿਲ ਕੇ ਸੜਕ ਬਣਾਉਣ ਦੀ ਬੇਨਤੀ ਕੀਤੀ ਗਈ, ਪਰ ਸੜਕ ਦੀ ਹਾਲਤ ਉਹੀ ਹੈ | ਇਸੇ ਤਰ੍ਹਾਂ ਪਿੰਡ ਨੰਦਪੁਰ ਵਾਲੀ ਸੜਕ ਵਿਚ ਥਾਂ-ਥਾਂ ਟੋਏ ਪਏ ਹੋਣ ਕਾਰਣ ਆਮ ਹੀ ਐਕਸੀਡੈਂਟ ਵਾਪਰਦੇ ਰਹਿੰਦੇ ਹਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਕੰਬੋਜ ਵਲੋਂ ਵਾਰਡ ਨੰਬਰ 22 ਦੇ ਵਰਕਰਾਂ ਨਾਲ ਬੈਠਕ ਅਗਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ ਦੇ ਸਕੂਲਾਂ 'ਚ ਅੱਜ ਮਨਾਇਆ ਜਾਵੇਗਾ ਨੈਸ਼ਨਲ ਟੈਕਨਾਲੋਜੀ ਦਿਵਸ 2026 <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।